ਬ੍ਰਿਸਬੇਨ : ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ, ਟੈਗਮ ਵਿਖੇ ਸਿੰਘ ਸਭਾ ਗੁਰਮੁਖੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਖੁਸ਼ੀ ਦੇ ਮਾਹੌਲ ਵਿੱਚ ਕਰਵਾਇਆ ਗਿਆ। ਐਤਵਾਰ, 22 ਨਵੰਬਰ 2026 ਨੂੰ ਹੋਏ ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ, ਤਬਲਾ ਕੀਰਤਨ ਅਤੇ ਹੋਰ ਧਾਰਮਿਕ ਗਤੀਵਿਧੀਆਂ ਦੀਆਂ ਸੁੰਦਰ ਪੇਸ਼ਕਾਰੀਆਂ ਨਾਲ ਕੀਤੀ ਗਈ। ਬੱਚਿਆਂ ਨੇ ਆਪਣੀ ਕਲਾ, ਸਿੱਖੀ ਪ੍ਰਤੀ ਲਗਨ ਅਤੇ ਗੁਰਮਤਿ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕਰਦਿਆਂ ਹਾਜ਼ਰ ਸੰਗਤਾਂ ਦਾ ਮਨ ਮੋਹ ਲਿਆ।

ਇਸ ਮੌਕੇ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਲਗਭਗ 100 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬੱਚਿਆਂ ਦੀ ਮਿਹਨਤ, ਲਗਨ ਅਤੇ ਸਿੱਖਿਆ ਪ੍ਰਤੀ ਸਮਰਪਣ ਦੀ ਹੌਸਲਾ-ਅਫਜ਼ਾਈ ਲਈ ਦਿੱਤੇ ਗਏ।

ਇਹ ਸਮਾਗਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਕੂਲ ਮੈਨੇਜਮੈਂਟ ਦੀ ਅਗਵਾਈ ਹੇਠ, ਸ. ਪਰਮਿੰਦਰ ਸਿੰਘ ਮਾਸਟਰ ਜੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ, ਸਟਾਫ਼ ਟੀਮ ਅਤੇ ਸਕੂਲ ਦੀਆਂ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।

ਇਨਾਮ ਵੰਡ ਸਮਾਗਮ ਦੀ ਰਸਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ. ਗੁਰਨਾਮ ਸਿੰਘ ਜੀ ਦੀ ਅਗਵਾਈ ’ਚ ਨਿਭਾਈ ਗਈ।

ਇਸ ਮੌਕੇ ਸ. ਪਰਮਿੰਦਰ ਸਿੰਘ ਮਾਸਟਰ, ਡਾ. ਅਮਨਦੀਪ ਸਿੰਘ ਪੰਨੂ, ਸਤਵਿੰਦਰ ਸਿੰਘ ਬੈਨੀਪਾਲ, ਕੁਲਵੰਤ ਸਿੰਘ ਕਿੰਗਰਾ, ਹਰਦੀਪ ਸਿੰਘ ਜੈਪੁਰ ਵਾਲੇ, ਗੁਰਪ੍ਰੀਤ ਸਿੰਘ ਦੋਧਰ, ਮਨਦੀਪ ਕੌਰ ਕਿੰਗਰਾ, ਸੁਖਜੋਤ ਸਿੰਘ ਬਾਜਾਖਾਨਾ, ਅਵਤਾਰ ਸਿੰਘ ਤਾਰਾ, ਜਸਵਿੰਦਰ ਕੌਰ ਦਿੱਲੀ ਵਾਲੇ, ਦਵਿੰਦਰ ਕੌਰ ਬੈਸ, ਸਾਹਿਬਜੀਤ ਸਿੰਘ ਬੈਸ, ਤੇਜਿੰਦਰ ਕੌਰ ਢਿੱਲੋਂ, ਪੁਸ਼ਪਿੰਦਰ ਸਿੰਘ ਪੱਤਰਕਾਰ, ਮਹਿੰਦਰਪਾਲ ਸਿੰਘ ਕਾਹਲੋਂ, ਸੁਰਿੰਦਰ ਸਿੰਘ ਖੁਰਦ, ਹਰਪ੍ਰੀਤ ਸਿੰਘ, ਹਰਮੋਨੀਅਮ ਅਧਿਆਪਕ, ਮਨਜੀਤ ਬਰਾੜ ਬਾਜਾਖਾਨਾ, ਅਮਨਦੀਪ ਕੌਰ ਅਧਿਆਪਕਾ ਅਤੇ ਸਮੂਹ ਸਕੂਲ ਮੈਨੇਜਮੈਂਟ ਤੇ ਸਟਾਫ਼ ਮੈਂਬਰ ਹਾਜ਼ਰ ਸਨ।

ਇਹ ਸਮਾਗਮ ਬੱਚਿਆਂ ਦੀ ਸਿੱਖਿਆ, ਗੁਰਮੁਖੀ ਭਾਸ਼ਾ, ਗੁਰਬਾਣੀ ਅਤੇ ਸਿੱਖੀ ਵਿਰਸੇ ਨਾਲ ਜੋੜਨ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦਾ ਹੈ। ਅਜਿਹੇ ਉਪਰਾਲੇ ਵਿਦੇਸ਼ਾਂ ਵਿੱਚ ਰਹਿੰਦੀਆਂ ਨਵੀਂਆਂ ਪੀੜ੍ਹੀਆਂ ਨੂੰ ਆਪਣੀ ਮਾਂ-ਬੋਲੀ, ਧਰਮ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ਸਬੰਧੀ ਜਾਣਕਾਰੀ ਸੁਰਜੀਤ ਸਿੰਘ ਬਾਜਾਖਾਨਾ, ਸੰਚਾਲਕ ਸਰਬੱਤ ਦਾ ਭਲਾ ਮੈਰਿਜ ਬਿਊਰੋ ਆਸਟ੍ਰੇਲੀਆ ਵੱਲੋਂ ਸਾਂਝੀ ਕੀਤੀ ਗਈ।









