Australia ਤੋਂ UK, Canada ਤੱਕ, ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ Top Talent Visas, ਨਿਯਮਾਂ ’ਚ ਹੋਵੇਗੀ ਸਖ਼ਤੀ

Sea7 Australia Team
4 Min Read

ਮੈੱਲਬਰਨ : ਵਿਸ਼ਵ ਭਰ ’ਚ ਉੱਚ-ਕੁਸ਼ਲਤਾ ਵਾਲੇ ਮਾਇਗਰੈਂਟਸ ਨੂੰ ਆਕਰਸ਼ਿਤ ਕਰਨ ਦੀ ਦੌੜ ਤੇਜ਼ ਹੋ ਰਹੀ ਹੈ, ਪਰ UK, Canada ਅਤੇ Australia ਦੇ ਸਰਕਾਰੀ ਰੀਵਿਊ ਦਸਦੇ ਹਨ ਕਿ ਵਿਸ਼ੇਸ਼ ਟੇਲੈਂਟਡ ਲੋਕਾਂ ਲਈ ਬਣਾਏ ਗਏ ਵੀਜ਼ਾ ਰੂਟ ਉਮੀਦ ਅਨੁਸਾਰ ਉੱਚ ਕਮਾਈ, ਕਾਰੋਬਾਰੀ ਵਿਕਾਸ ਜਾਂ ਨਵੀਂ ਖੋਜ ਦੇ ਲਾਭ ਨਹੀਂ ਦੇ ਰਹੇ ਹਨ। ਇਸ ਕਾਰਨ ਇਹ ਦੇਸ਼ ਹੁਣ ਯੋਗਤਾ, ਤਨਖਾਹ ਅਤੇ ਪੱਕੀ ਰਿਹਾਇਸ਼ ਦੇ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ਕਰ ਰਹੇ ਹਨ।

Australia ਨੇ ਆਪਣੀ ਹੀ ਟੈਲੇਂਟ ਰਣਨੀਤੀ ‘ਤੇ ਚੁੱਕੇ ਸਵਾਲ

Australia ਦੇ ‘Migration System Review’ ਨੇ ਵੀ ‘Global Talent programme’ ਦੀ ਗੁੰਝਲਦਾਰ ਚੋਣ ਪ੍ਰਕਿਰਿਆ ਅਤੇ ਲੰਬੇ ਸਮੇਂ ‘ਤੇ ਸਵਾਲ ਚੁੱਕਦਿਆਂ ਨਿਯਮਾਂ ਨੂੰ ਸਪੱਸ਼ਟ ਕਰਨ ਦੀ ਸਲਾਹ ਦਿੱਤੀ ਹੈ। ਮਾਰਚ 2023 ਵਿੱਚ ਸਰਕਾਰ ਨੂੰ ਪੇਸ਼ ਕੀਤੀ ਗਈ Australia ਦੀ ਅਧਿਕਾਰਤ ‘Migration System Review’ ਨੇ ਜੁਲਾਈ 2019 ਵਿੱਚ ਸ਼ੁਰੂ ਕੀਤੇ ਗਏ ‘Global Talent programme’ ਦੀ ਜਾਂਚ ਕੀਤੀ ਸੀ। ਇਹ ਪ੍ਰੋਗਰਾਮ ਸ਼ਾਨਦਾਰ ਪ੍ਰਾਪਤੀਆਂ, ਆਧੁਨਿਕ ਹੁਨਰ ਅਤੇ ਨਵੀਨਤਾ ਲਿਆਉਣ ਤੇ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲੇ ਮਾਇਗਰੈਂਟਸ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਟੇਲੈਂਟਡ ਮਾਇਗਰੈਂਟਸ ਲਈ Australia ਦੀ ਪੇਸ਼ਕਸ਼ ਸ਼ਾਇਦ ਦੇਸ਼ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਵਿੱਚ ਨਤੀਜਿਆਂ ਬਾਰੇ ਸੀਮਤ ਅੰਕੜਿਆਂ ਦਾ ਜ਼ਿਕਰ ਕੀਤਾ ਗਿਆ ਅਤੇ ਇੱਕ ਅਸਪਸ਼ਟ ਚੋਣ ਪ੍ਰਕਿਰਿਆ ਅਤੇ ਐਪਲੀਕੇਸ਼ਨਜ਼ ਦੇ ਨਿਪਟਾਰੇ ਵਿੱਚ ਲੱਗਣ ਵਾਲੇ ਲੰਬੇ ਸਮੇਂ ਬਾਰੇ ਚਿੰਤਾ ਪ੍ਰਗਟਾਈ ਗਈ। ਸਮੀਖਿਆ ਕਰਨ ਵਾਲਿਆਂ ਨੇ ਯੋਗਤਾ ਦੇ ਸਪੱਸ਼ਟ ਮਾਪਦੰਡ, nomination ਦੀ ਸ਼ਰਤ ਨੂੰ ਹਟਾਉਣ ਅਤੇ ਨੌਜਵਾਨ ਉੱਚ-ਹੁਨਰਮੰਦ ਮਾਇਗਰੈਂਟਸ ਲਈ ਇੱਕ ਵੱਖਰੇ, ਗੈਰ-ਸਪਾਂਸਰਡ (non-sponsored) ਰਸਤੇ ਦੀ ਸਿਫ਼ਾਰਸ਼ ਕੀਤੀ ਹੈ। ਰਿਪੋਰਟ ’ਚ ਇਹ ਵੀ ਪਾਇਆ ਗਿਆ ਕਿ Canada, Germany ਅਤੇ UK ਵਰਗੇ ਦੇਸ਼ਾਂ ਦੇ ਮੁਕਾਬਲੇ Australia ਨੌਜਵਾਨ ਅਤੇ ਵੱਧ ਪੜ੍ਹੇ-ਲਿਖੇ ਮਾਇਗਰੈਂਟਸ ਨੂੰ ਆਕਰਸ਼ਿਤ ਕਰਨ ਵਿੱਚ ਮੁਕਾਬਲਤਨ ਕਮਜ਼ੋਰ ਰਿਹਾ ਹੈ।

UK ’ਚ ਉੱਚ ਹੁਨਰ ਦਾ ਮਤਲਬ ਉੱਚ ਸੈਲਰੀ ਨਹੀਂ

Migration Advisory Committee (MAC) ਦੀ 2026 ਦੀ ਸਮੀਖਿਆ ਅਨੁਸਾਰ, UK ਦੇ Global Talent visa ਧਾਰਕਾਂ ਨੇ ਨਿਯਮਤ Skilled Worker route ਵਾਲਿਆਂ ਨਾਲੋਂ ਘੱਟ ਕਮਾਈ ਕੀਤੀ। 2022-23 ਦੌਰਾਨ Global Talent visa ਧਾਰਕਾਂ ਦੀ ਦੂਜੇ ਸਾਲ ਦੀ ਔਸਤ ਆਮਦਨ £42,800 ਰਹੀ, ਜਦਕਿ Skilled Worker ਮਾਇਗਰੈਂਟਸ ਲਈ ਇਹ £55,300 ਸੀ। ਇਸ ਵੀਜ਼ੇ ਰਾਹੀਂ ਜਾਣ ਵਾਲਿਆਂ ’ਚ China (5,400 ਵੀਜ਼ੇ) ਤੋਂ ਬਾਅਦ India (4,100 ਵੀਜ਼ੇ) ਦੂਜੇ ਨੰਬਰ ‘ਤੇ ਰਿਹਾ। ਇਸ ਤੋਂ ਇਲਾਵਾ, ਕਮੇਟੀ ਨੇ ‘Innovator Founder route’ ਨੂੰ ਖਤਮ ਕਰਨ ਜਾਂ ਇਸ ਦੀ ਸੈਟਲਮੈਂਟ ਮਿਆਦ ਤਿੰਨ ਤੋਂ ਵਧਾ ਕੇ ਪੰਜ ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।

Canada ਅਤੇ Australia ਵੱਲੋਂ ਨੀਤੀਆਂ ’ਤੇ ਮੁੜ ਵਿਚਾਰ

Canada ਦੇ ‘Self-Employed Persons Program’ ਦੇ ਮੁਲਾਂਕਣ ’ਚ ਪਾਇਆ ਗਿਆ ਕਿ ਕਲਾਕਾਰਾਂ ਅਤੇ ਖਿਡਾਰੀਆਂ ਦਾ ਆਰਥਿਕ ਯੋਗਦਾਨ ਕਾਫ਼ੀ ਘੱਟ ਰਿਹਾ, ਜਿਨ੍ਹਾਂ ਦੀ ਇੱਕ ਸਾਲ ਬਾਅਦ ਔਸਤ ਆਮਦਨ ਸਿਰਫ਼ CAD 19,500 ਸੀ। Canada ਨੇ 2026 ਦੇ ਅੰਤ ਤੱਕ ਨਵੀਆਂ ਅਰਜ਼ੀਆਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਨਵੇਂ ਰਸਤੇ ਤਿਆਰ ਕਰ ਰਿਹਾ ਹੈ।

ਹੋਰ ਦੇਸ਼ਾਂ ’ਚ ਵੀ ਬਦਲ ਰਹੇ ਹਨ ਨਿਯਮ

ਇਸੇ ਤਰ੍ਹਾਂ US ’ਚ Government Accountability Office ਦੀ ਸਮੀਖਿਆ ਤੋਂ ਬਾਅਦ ‘H-1B’ ਵੀਜ਼ਾ ਚੋਣ ਪ੍ਰਣਾਲੀ ’ਚ ਉੱਚ ਤਨਖਾਹ ਅਤੇ ਵੱਧ ਹੁਨਰ ਵਾਲੇ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉੱਥੇ ਹੀ, ‘Netherlands’ ਨੇ ਵੀ ਆਪਣੀ ‘Highly Skilled Migrant scheme’ ਤਹਿਤ ਘੱਟੋ-ਘੱਟ ਤਨਖਾਹ ਦੀ ਸ਼ਰਤ ਵਧਾਉਣ ਅਤੇ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਦੀ ਸਖ਼ਤ ਜਾਂਚ ਕਰਨ ਦਾ ਐਲਾਨ ਕੀਤਾ ਹੈ। ਸਰਕਾਰਾਂ ਹੁਣ ਸਿਰਫ਼ ਪ੍ਰਤਿਭਾ ਦੇ ਦਾਅਵਿਆਂ ਦੀ ਬਜਾਏ ਅਸਲ ਆਰਥਿਕ ਯੋਗਦਾਨ ਨੂੰ ਮੁੱਖ ਆਧਾਰ ਬਣਾ ਰਹੀਆਂ ਹਨ।

Share This Article
Leave a Comment

Leave a Reply

Your email address will not be published. Required fields are marked *