ਮੈੱਲਬਰਨ : ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ’ਚ ਲਗਾਤਾਰ ਸੱਤ ਮਹੀਨਿਆਂ ਤੋਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਨੂੰ ਆਰਥਿਕ ਮਾਹਿਰ ਪਿਛਲੇ 40 ਸਾਲਾਂ ਦੀ ਸਭ ਤੋਂ ਵੱਡੀ ਮੰਦੀ ਦੱਸ ਰਹੇ ਹਨ। Metropole Property Strategists ਦੇ ਸੰਸਥਾਪਕ ਅਤੇ ਪ੍ਰਮੁੱਖ ਪ੍ਰਾਪਰਟੀ ਮਾਹਿਰ Michael Yardney ਅਨੁਸਾਰ, ਭਾਵੇਂ ਬਾਜ਼ਾਰ ਦੇ ਹੇਠਲੇ ਪੱਧਰ (Bottom) ਦਾ ਸਹੀ ਪਤਾ ਬਾਅਦ ’ਚ ਹੀ ਲੱਗਦਾ ਹੈ, ਪਰ ਨਿਵੇਸ਼ਕ ਕੁਝ ਖਾਸ ਸੰਕੇਤਾਂ ਰਾਹੀਂ ਬਾਜ਼ਾਰ ਦੇ ਮੁੜ ਉੱਭਰਨ ਦਾ ਅੰਦਾਜ਼ਾ ਲਗਾ ਸਕਦੇ ਹਨ।
ਬਾਜ਼ਾਰ ਦੀ ਮੌਜੂਦਾ ਸਥਿਤੀ Cotality ਦੇ ਅੰਕੜਿਆਂ ਮੁਤਾਬਕ ਅਕਤੂਬਰ ’ਚ ਘਰਾਂ ਦੀਆਂ ਕੀਮਤਾਂ 1.2% ਡਿੱਗੀਆਂ ਹਨ ਅਤੇ ਪਿਛਲੇ ਸੱਤ ਮਹੀਨਿਆਂ ’ਚ ਪ੍ਰਮੁੱਖ ਸ਼ਹਿਰਾਂ ਦੀਆਂ ਕੀਮਤਾਂ ’ਚ 8.1% ਦੀ ਕਮੀ ਆਈ ਹੈ। RBA ਵੱਲੋਂ ਇਸ ਸਾਲ ਪੰਜਵੀਂ ਵਾਰ ਵਿਆਜ ਦਰਾਂ ਵਧਾ ਕੇ 4.85% ਕਰਨ ਨਾਲ ਬਾਜ਼ਾਰ ‘ਤੇ ਭਾਰੀ ਦਬਾਅ ਪਿਆ ਹੈ, ਜੋ ਕਿ 18 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। Cotality ਦੇ Tim Lawless ਦਾ ਅਨੁਮਾਨ ਹੈ ਕਿ ਕੀਮਤਾਂ ’ਚ ਕੁੱਲ 10% ਤੋਂ 15% ਤੱਕ ਦੀ ਗਿਰਾਵਟ ਆ ਸਕਦੀ ਹੈ। ਜਿੱਥੇ Sydney ਅਤੇ Melbourne ’ਚ ਕੀਮਤਾਂ ਕ੍ਰਮਵਾਰ 9.7% ਅਤੇ 7.6% ਡਿੱਗੀਆਂ ਹਨ, ਉੱਥੇ ਹੀ Perth (3.9%) ਅਤੇ Darwin (9.7%) ’ਚ ਵਾਧਾ ਦੇਖਿਆ ਗਿਆ ਹੈ।
ਪ੍ਰਾਪਰਟੀ ਮਾਹਰ Michael Yardney ਅਨੁਸਾਰ ਬਾਜ਼ਾਰ ’ਚ ਸੁਧਾਰ ਹੇਠ ਲਿਖੇ ਕ੍ਰਮ ’ਚ ਦਿਖਾਈ ਦੇਵੇਗਾ:
- ਵਿਆਜ ਰੇਟ ’ਚ ਸਥਿਰਤਾ: RBA ਵੱਲੋਂ ਵਿਆਜ ਦਰਾਂ ਵਧਾਉਣ ਦੇ ਰੁਖ਼ ’ਚ ਨਰਮੀ ਅਤੇ ਬੈਂਕਾਂ ਵੱਲੋਂ ਫਿਕਸਡ ਲੋਨ ਦਰਾਂ ’ਚ ਕਟੌਤੀ।
- ਖਰੀਦਦਾਰਾਂ ਦਾ ਭਰੋਸਾ: Westpac-Melbourne Institute ਦੇ ਸਰਵੇਖਣ ’ਚ ਖਰੀਦਦਾਰਾਂ ਦੇ ਵਿਸ਼ਵਾਸ ’ਚ ਲਗਾਤਾਰ ਸੁਧਾਰ।
- ਨਵੇਂ ਹੋਮ ਲੋਨ: ABS ਦੇ ਅੰਕੜਿਆਂ ’ਚ ਨਵੇਂ ਹੋਮ ਲੋਨ ਦੀ ਮਨਜ਼ੂਰੀ ’ਚ ਵਾਧਾ।
- ਨਿਲਾਮੀ ਦਰਾਂ (Auction Clearance): ਨਿਲਾਮੀ ਦੀ ਸਫਲਤਾ ਦਰ ਦਾ ਮੌਜੂਦਾ 40% ਤੋਂ ਵੱਧ ਕੇ ਲਗਾਤਾਰ 60% ਤੋਂ ਉੱਪਰ ਟਿਕਣਾ।
- ਜ਼ਮੀਨੀ ਪੱਧਰ ‘ਤੇ ਹਲਚਲ: Metropole ਦੇ ਏਜੰਟਾਂ ਅਨੁਸਾਰ ਓਪਨ ਹੋਮਜ਼ ਅਤੇ ਬੋਲੀਕਾਰਾਂ ਦੀ ਗਿਣਤੀ ’ਚ ਵਾਧਾ।
- ਕੀਮਤ ਸੂਚਕ ਅੰਕ: ਅੰਤ ’ਚ Cotality ਅਤੇ ABS ਦੇ ਅੰਕੜਿਆਂ ’ਚ ਕੀਮਤਾਂ ਦਾ ਸਥਿਰ ਹੋ ਕੇ ਮੁੜ ਵਧਣਾ।
ਨਿਵੇਸ਼ਕਾਂ ਲਈ ਸਲਾਹ ਨਿਵੇਸ਼ਕਾਂ ਨੂੰ ਮੀਡੀਆ ਦੀਆਂ ਨਕਾਰਾਤਮਕ ਸੁਰਖੀਆਂ ਤੋਂ ਬਚਣ ਅਤੇ ਆਪਣੇ ਕੈਸ਼-ਫਲੋਅ (Cash Flow) ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। ਸਾਰੇ ਸੰਕੇਤਾਂ ਦੇ ਸਹੀ ਹੋਣ ਦੀ ਉਡੀਕ ਕਰਨ ਨਾਲੋਂ, ਚੰਗੀ ਲੋਕੇਸ਼ਨ ਵਾਲੀ ਪ੍ਰਾਪਰਟੀ ’ਚ ਲੰਬੇ ਸਮੇਂ ਲਈ ਨਿਵੇਸ਼ ਕਰਨਾ ਹੀ ਸਮਝਦਾਰੀ ਹੈ।
