ਮੈੱਲਬਰਨ : Australia ਦੇ ਸਿੱਖਿਆ ਸਿਸਟਮ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਲਈ Change.org ‘ਤੇ ਇੱਕ ਵੱਡੀ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬੀ ਨੂੰ Australia ’ਚ ਇੱਕ ‘Priority Asian Language’ ਵਜੋਂ ਮਾਨਤਾ ਦਿਵਾਉਣਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਮਾਂ-ਬੋਲੀ ਅਤੇ ਵਿਰਾਸਤ ਨਾਲ ਜੁੜੀਆਂ ਰਹਿਣ।
ਜ਼ਿਕਰਯੋਗ ਹੈ ਕਿ ਨਵੀਂ ਸੰਭਾਵੀ ਨੀਤੀ ਦੇ ਨਫ਼ੇ-ਨੁਕਸਾਨ ਬਾਰੇ Sea7 Australia ਨੇ ਕੁੱਝ ਦਿਨ ਪਹਿਲਾਂ ਚਰਚਾ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ-ਏ-ਖ਼ਾਲਸਾ ਇੰਟਰਨੈਸ਼ਨਲ ਨੇ ਰਾਜਧਾਨੀ ਕੈਨਬਰਾ ਤੋਂ ਇਹ ਬੀੜਾ ਚੁਕਿਆ ਹੈ, ਜੋ ਕਿ Education ਲਈ ਫੈਡਰਲ ਸਰਕਾਰ ਦੇ ਨਿਯਮਾਂ ਹੇਠ ਰਜਿਸਟਰਡ ਸੰਸਥਾ ਹੈ। ਗੁਰਮੁਖੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਪਟੀਸ਼ਨ ’ਤੇ ਦਸਤਖਤ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਜਿਸ ਦਾ ਲਿੰਕ ਹੇਠਾਂ ਹੈ:
https://www.change.org/p/recognise-punjabi-as-a-priority-asian-language-in-australia
ਤਾਜ਼ਾ ਅੰਕੜਿਆਂ ਅਨੁਸਾਰ, Australia ’ਚ ਪੰਜਾਬੀ 239,000 ਤੋਂ ਵੱਧ ਬੁਲਾਰਿਆਂ ਨਾਲ English ਅਤੇ Mandarin ਤੋਂ ਬਾਅਦ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਇੰਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ, ਪੰਜਾਬੀ ਨੂੰ ਵਿਦਿਅਕ ਪਾਠਕ੍ਰਮ ’ਚ ਰਸਮੀ ਮਾਨਤਾ ਨਹੀਂ ਮਿਲੀ ਹੈ, ਜਿਸ ਕਾਰਨ ਬੱਚੇ ਸਕੂਲਾਂ ’ਚ ਆਪਣੀ ਭਾਸ਼ਾ ਪੜ੍ਹਨ ਤੋਂ ਵਾਂਝੇ ਰਹਿ ਜਾਂਦੇ ਹਨ।
ਇਸ ਪਟੀਸ਼ਨ ਰਾਹੀਂ Federal Minister for Education, Jason Clare MP, ACARA, ਅਤੇ NESA ਤੋਂ ਵਿਸ਼ੇਸ਼ ਮੰਗਾਂ ਕੀਤੀਆਂ ਗਈਆਂ ਹਨ। ਮੁੱਖ ਮੰਗ ਹੈ ਕਿ Kindergarten ਤੋਂ ਲੈ ਕੇ Year 12 ਤੱਕ ਪੰਜਾਬੀ ਨੂੰ ਇੱਕ ਵਿਕਲਪਿਕ ਭਾਸ਼ਾ ਵਜੋਂ ਪੜ੍ਹਨ ਦੇ ਮੌਕੇ ਦਿੱਤੇ ਜਾਣ। ਪਟੀਸ਼ਨ ਸ਼ੁਰੂ ਕਰਨ ਵਾਲਿਆਂ ਦਾ ਤਰਕ ਹੈ ਕਿ ਜਿਵੇਂ Japanese, Korean, ਅਤੇ Indonesian ਭਾਸ਼ਾਵਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ, ਪੰਜਾਬੀ ਵੀ ਉਸੇ ਸਨਮਾਨ ਦੀ ਹੱਕਦਾਰ ਹੈ। ਇਸ ਨਾਲ ਨਾ ਸਿਰਫ਼ ਸੱਭਿਆਚਾਰਕ ਸਾਂਝ ਵਧੇਗੀ, ਬਲਕਿ Punjab ਅਤੇ India ਨਾਲ Australia ਦੇ ਵਪਾਰਕ ਅਤੇ ਕੂਟਨੀਤਕ ਸਬੰਧ ਵੀ ਮਜ਼ਬੂਤ ਹੋਣਗੇ।
Punjabi Priority ਵੱਲੋਂ ਸ਼ੁਰੂ ਕੀਤੀ ਗਈ ਇਸ ਪਟੀਸ਼ਨ ਉੱਤੇ ਹੁਣ ਤੱਕ 2,138 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ। ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕਜੁੱਟ ਹੋ ਕੇ ਇਸ ਪਟੀਸ਼ਨ ਉੱਤੇ ਦਸਤਖ਼ਤ ਕਰਨ ਤਾਂ ਜੋ ਬੱਚਿਆਂ ਨੂੰ ਸਕੂਲਾਂ ’ਚ ਪੰਜਾਬੀ ਪੜ੍ਹਨ-ਲਿਖਣ ਦਾ ਬਰਾਬਰ ਮੌਕਾ ਮਿਲ ਸਕੇ ਅਤੇ Australia ’ਚ ਇੱਕ ਬਹੁ-ਭਾਸ਼ਾਈ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
