ਅਮਰੀਕਾ ਦੇ California ਸੂਬੇ ’ਚ ਸਥਿਤ Granite Bay ਵਿਖੇ ਸਿੱਖ ਭਾਈਚਾਰੇ ਦੇ ਇੱਕ ਧਾਰਮਿਕ ਸਥਾਨ ਦੇ ਸਾਈਨ ਬੋਰਡ ਦੀ ਵਾਰ-ਵਾਰ ਭੰਨਤੋੜ ਕੀਤੇ ਜਾਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। FOX40 News ਦੀ ਰਿਪੋਰਟ ਅਨੁਸਾਰ, Placer County Sheriff’s Office ਨੇ ਇਸ ਨਫ਼ਰਤੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਇਹ ਧਾਰਮਿਕ ਬੋਰਡ Sierra College Boulevard ਦੇ ਨੇੜੇ ਉਸ ਥਾਂ ‘ਤੇ ਲਗਾਇਆ ਗਿਆ ਹੈ, ਜੋ Orangevale ਸਥਿਤ ਗੁਰਦੁਆਰਾ ਸਾਹਿਬ ਦਾ ਹੀ ਇੱਕ ਹਿੱਸਾ ਹੈ ਅਤੇ ਇੱਥੇ ਭਵਿੱਖ ’ਚ ਨਵਾਂ ਗੁਰਦੁਆਰਾ ਸਾਹਿਬ ਬਣਾਉਣ ਦੀ ਯੋਜਨਾ ਹੈ। ਖੰਡੇ ਦੇ ਪਵਿੱਤਰ ਨਿਸ਼ਾਨ ਵਾਲੇ ਇਸ ਬੋਰਡ ਨੂੰ June ਮਹੀਨੇ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ ਚਾਰ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।

Placer County Sheriff’s Office ਦੀ ਬੁਲਾਰਾ Elise Soviar ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ September ’ਚ ਇਹ ਬੋਰਡ ਵੱਢ ਦਿੱਤਾ ਸੀ। October ’ਚ ਬੋਰਡ ਦੁਬਾਰਾ ਲਗਾਏ ਜਾਣ ਤੋਂ ਬਾਅਦ, 8 November ਨੂੰ ਇਸ ਨੂੰ ਮੁੜ ਕੱਟ ਕੇ ਸੁੱਟ ਦਿੱਤਾ ਗਿਆ। Sikh Coalition ਦੇ ਅਨੁਸਾਰ, ਇੱਕ ਘਟਨਾ ਦੌਰਾਨ ਬੋਰਡ ਉੱਤੇ ਸਪਰੇਅ ਪੇਂਟ ਨਾਲ “Get Out” ਵਰਗੇ ਨਫ਼ਰਤੀ ਸ਼ਬਦ ਵੀ ਲਿਖੇ ਗਏ ਸਨ।

ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸ਼ੱਕੀ ਵਾਰਦਾਤ ਤੋਂ ਬਾਅਦ ਭੱਜਣ ਲਈ ਪੁਸ਼-ਸਕੂਟਰ ਦੀ ਵਰਤੋਂ ਕਰਦਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਸ-ਪਾਸ ਦੇ ਇਲਾਕੇ ਦਾ ਹੀ ਰਹਿਣ ਵਾਲਾ ਹੈ। Sikh Coalition ਦੀ ਨੁਮਾਇੰਦਗੀ ਕਰ ਰਹੀ Marissa Rossetti ਨੇ ਇਸ ਨੂੰ ਨਸਲੀ ਨਫ਼ਰਤ ਤੋਂ ਪ੍ਰੇਰਿਤ ਕਾਰਵਾਈ ਦੱਸਦਿਆਂ ਚਿੰਤਾ ਪ੍ਰਗਟਾਈ ਹੈ ਕਿ ਅਜਿਹੀਆਂ ਘਟਨਾਵਾਂ ਵੱਡੀ ਹਿੰਸਾ ਦਾ ਰੂਪ ਲੈ ਸਕਦੀਆਂ ਹਨ, ਇਸ ਲਈ ਦੋਸ਼ੀ ਨੂੰ ਜਲਦ ਕਾਬੂ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
