ਬ੍ਰਿਸਬੇਨ : Brisbane ਦੇ 1 William Street ਦੇ ਬਾਹਰ ਇੱਕ ਇਤਿਹਾਸਕ ਸਮਾਗਮ ਦੌਰਾਨ, ਉੱਘੀ ਨਾਰੀਵਾਦੀ, ਅਕਾਦਮਿਕ ਅਤੇ ਕਾਰਕੁਨ Merle Thornton ਨੂੰ ਇੱਕ ਸ਼ਾਨਦਾਰ ਬੁੱਤ (statue) ਰਾਹੀਂ ਅਮਰ ਕਰ ਦਿੱਤਾ ਗਿਆ ਹੈ। 93 ਸਾਲ ਦੀ ਉਮਰ ’ਚ ਅਗਸਤ 2024 ’ਚ ਅਕਾਲ ਚਲਾਣਾ ਕਰ ਗਏ Merle Thornton ਨੇ ਔਰਤਾਂ ਦੇ ਹੱਕਾਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ।
ਉਨ੍ਹਾਂ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਪ੍ਰਦਰਸ਼ਨ 1965 ’ਚ ਦੇਖਣ ਨੂੰ ਮਿਲਿਆ ਸੀ, ਜਦੋਂ Merle Thornton ਨੇ ਆਪਣੀ ਦੋਸਤ Rosalie Bogner ਨਾਲ ਮਿਲ ਕੇ Brisbane ਦੇ Regatta Hotel ਦੀ ਬਾਰ ਨਾਲ ਖੁਦ ਨੂੰ ਸੰਗਲਾਂ ਅਤੇ ਤਾਲਿਆਂ ਨਾਲ ਬੰਨ੍ਹ ਲਿਆ ਸੀ। ਇਹ ਵਿਰੋਧ Queensland ਦੇ ਪਬਲਿਕ ਬਾਰਾਂ ’ਚ ਔਰਤਾਂ ਦੇ ਜਾਣ ‘ਤੇ ਲੱਗੀ ਪਾਬੰਦੀ ਦੇ ਖਿਲਾਫ ਸੀ। ਇਸ ਕਦਮ ਨੇ ਆਸਟ੍ਰੇਲੀਆ ਦੀ ਨਾਰੀਵਾਦੀ ਲਹਿਰ ’ਚ ਨਵੀਂ ਜਾਨ ਫੂਕੀ ਅਤੇ ਪੰਜ ਸਾਲ ਬਾਅਦ ਸ਼ਰਾਬ ਕਾਨੂੰਨ (Liquor Act) ’ਚ ਸੋਧ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦਿੱਤਾ।

ਇਸ ਤੋਂ ਇਲਾਵਾ, ਉਨ੍ਹਾਂ ਨੇ Commonwealth marriage bar ਨੂੰ ਖਤਮ ਕਰਵਾਉਣ ਲਈ ਵੀ ਵੱਡੀ ਜੰਗ ਲੜੀ, ਇੱਕ ਅਜਿਹੀ ਨੀਤੀ ਜੋ ਔਰਤਾਂ ਨੂੰ ਵਿਆਹ ਤੋਂ ਬਾਅਦ ਪਬਲਿਕ ਸਰਵਿਸ (ਸਰਕਾਰੀ ਨੌਕਰੀ) ਛੱਡਣ ਲਈ ਮਜਬੂਰ ਕਰਦੀ ਸੀ। Minister for Women Fiona Simpson ਨੇ ਵੀ ਔਰਤਾਂ ਦੀ ਕੰਮਕਾਜ ’ਚ ਭਾਗੀਦਾਰੀ ਵਧਾਉਣ ’ਚ Merle ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀ ਧੀ Sigrid Thornton ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ “ਬੇਇਨਸਾਫ਼ੀ ਨੂੰ ਕਦੇ ਵੀ ਚੁੱਪ-ਚਾਪ ਬਰਦਾਸ਼ਤ ਨਹੀਂ ਕਰ ਸਕਦੀ ਸੀ।”
300 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਇਸ ਵਿਸ਼ਾਲ ਕਾਂਸੀ (bronze) ਦੇ ਬੁੱਤ ਨੂੰ ਕਲਾਕਾਰ Courtney Pederson ਅਤੇ Charles Robb ਨੇ ਪੰਜ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਹੈ। ਇਹ ਬੁੱਤ 1950 ਦੇ ਦਹਾਕੇ ਦੀ ਉਸ ਤਸਵੀਰ ‘ਤੇ ਅਧਾਰਤ ਹੈ ਜਦੋਂ Merle ਆਪਣੀ ਪਹਿਲੀ ਨੌਕਰੀ ‘ਤੇ ਜਾ ਰਹੇ ਸਨ। ਇਤਿਹਾਸਕ ਤੌਰ ‘ਤੇ Queensland ’ਚ ਔਰਤਾਂ ਦੇ ਬੁੱਤ ਬਹੁਤ ਘੱਟ ਹਨ, ਇਸ ਲਈ ਇਹ ਸਨਮਾਨ ਆਉਣ ਵਾਲੀਆਂ ਪੀੜ੍ਹੀਆਂ ਅਤੇ ਨੌਜਵਾਨ ਔਰਤਾਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।
