Tarneit ’ਚ ਦੋ ਪੰਜਾਬੀ ਗਰੁੱਪਾਂ ਵਿਚਕਾਰ ਹਿੰਸਕ ਝੜਪ, Victoria Police ਨੇ ਜਾਰੀ ਕੀਤੀ CCTV

Sea7 Australia Team
2 Min Read
  • ਹਥਿਆਰਬੰਦ ਨੌਜਵਾਨਾਂ ਅਤੇ ਦੋ ਗੱਡੀਆਂ ਦੀ ਭਾਲ

ਮੈੱਲਬੌਰਨ: Tarneit ਇਲਾਕੇ ’ਚ ਦੋ ਪੰਜਾਬੀ ਗਰੁੱਪਾਂ ਵਿਚਕਾਰ ਪਿਛਲੇ ਮਹੀਨੇ ਹੋਈ ਇੱਕ ਭਿਆਨਕ ਅਤੇ ਹਿੰਸਕ ਝੜਪ ਦੇ ਮਾਮਲੇ ’ਚ Wyndham Crime Investigation Unit ਨੇ ਅਹਿਮ CCTV ਫੁਟੇਜ ਜਾਰੀ ਕੀਤੀ ਹੈ। ਇਹ ਘਟਨਾ ਐਤਵਾਰ, 4 ਅਕਤੂਬਰ ਨੂੰ ਤੜਕੇ ਕਰੀਬ 4:10 ਵਜੇ Droomer Way ‘ਤੇ ਵਾਪਰੀ ਸੀ, ਜਿੱਥੇ 15 ਤੋਂ 20 ਲੋਕਾਂ ਵਿਚਾਲੇ ਖੂਨੀ ਲੜਾਈ ਹੋਈ ਅਤੇ ਗੋਲੀਆਂ ਵੀ ਚੱਲੀਆਂ।

ਇੱਕ ਚਸ਼ਮਦੀਦ ਨੇ Triple Zero (000) ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਫ਼ਰਾਰ ਹੋ ਗਏ। ਮੌਕੇ ਤੋਂ ਪੁਲਿਸ ਨੂੰ ਟਕਰਾਅ ਦਾ ਸ਼ਿਕਾਰ ਹੋਈਆਂ ਦੋ ਗੱਡੀਆਂ, ਕਈ ਹਥਿਆਰ ਅਤੇ ਖੂਨ ਦੇ ਨਿਸ਼ਾਨ ਮਿਲੇ। ਇਸ ਝੜਪ ’ਚ Tarneit ਦਾ 23 ਸਾਲ ਦਾ ਨੌਜਵਾਨ ਜਾਨਲੇਵਾ ਸੱਟਾਂ ਕਾਰਨ ਤੜਕੇ 4:39 ਵਜੇ Werribee ਦੇ ਹਸਪਤਾਲ ਪਹੁੰਚਿਆ, ਜੋ ਹੁਣ ਘਰ ’ਚ ਠੀਕ ਹੋ ਰਿਹਾ ਹੈ। ਇਸ ਤੋਂ ਇਲਾਵਾ Tarneit ਦਾ ਹੀ ਇੱਕ 43 ਸਾਲ ਦਾ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋਇਆ ਸੀ।

ਜਾਰੀ CCTV ’ਚ ਰਾਤ ਕਰੀਬ 1 ਵਜੇ Droomer Way ਦੇ ਉੱਤਰੀ ਸਿਰੇ ਨੇੜੇ 7 ਗੱਡੀਆਂ ਅਤੇ 17 ਨੌਜਵਾਨ ਇਕੱਠੇ ਹੁੰਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਕੋਲ ਬੇਸਬਾਲ ਬੈਟ, ਕ੍ਰਿਕਟ ਬੈਟ ਅਤੇ ਤਲਵਾਰਾਂ ਸਨ। ਝੜਪ ਦੌਰਾਨ ਸ਼ਾਟਗਨ ਨਾਲ ਗੋਲੀ ਚੱਲਣ ਦਾ ਵੀ ਸ਼ੱਕ ਹੈ। ਪੁਲਿਸ ਨੇ Tarneit ਅਤੇ Truganina ਤੋਂ 6 ਵਿਅਕਤੀਆਂ (ਉਮਰ 22 ਤੋਂ 43 ਸਾਲ) ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਤੱਕ ਰਿਹਾਅ ਕਰ ਦਿੱਤਾ ਹੈ।

ਪੁਲਿਸ ਨੂੰ ਕਾਲੇ ਰੰਗ ਦੀ 2021 Ford Ranger Raptor (ਰਜਿਸਟ੍ਰੇਸ਼ਨ 0008OG) ਅਤੇ ਲਾਲ ਰੰਗ ਦੀ 1998 Nissan Patrol (ਰਜਿਸਟ੍ਰੇਸ਼ਨ TJR447) ਦੀ ਅਜੇ ਵੀ ਭਾਲ ਹੈ। Detective Senior Constable Brett Lapetina ਨੇ ਇਸ ਨੂੰ ਯੋਜਨਾਬੱਧ ਹਿੰਸਕ ਟਕਰਾਅ ਦੱਸਦਿਆਂ ਕਿਹਾ ਕਿ ਜਾਂਚ ਅਜੇ ਜਾਰੀ ਹੈ। ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਲਈ 1800 333 000 ‘ਤੇ ਜਾਂ Crime Stoppers ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Share This Article
Leave a Comment

Leave a Reply

Your email address will not be published. Required fields are marked *