ਮੈੱਲਬਰਨ : Australia ’ਚ ਛੋਟੇ ਕਾਰੋਬਾਰਾਂ ਦੇ ਮਾਲਕਾਂ ’ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਹ ਵਿਰੋਧ Australian Taxation Office (ATO) ਦੇ ਉਸ ਫੈਸਲੇ ਤੋਂ ਬਾਅਦ ਸ਼ੁਰੂ ਹੋਇਆ ਹੈ, ਜਿਸ ’ਚ 1 ਦਸੰਬਰ ਤੋਂ ਟੈਕਸ ਬਿੱਲਾਂ ਲਈ ਕ੍ਰੈਡਿਟ ਕਾਰਡ ਰਾਹੀਂ ਪੇਮੈਂਟਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਕਾਰਨ Labor ਸਰਕਾਰ ਦੇ ਮੰਤਰੀਆਂ ਵੱਲੋਂ ਲਗਾਤਾਰ ATO ਉੱਤੇ ਇਸ ਬੈਨ ਨੂੰ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਸਿਡਨੀ ਦੀ ਮਸ਼ਹੂਰ ਰੈਸਟੋਰੈਂਟ ਚੇਨ Lady Chu ਦੀ ਮਾਲਕਣ Nahji Chu ਨੇ 9News ਨਾਲ ਇੱਕ ਗੱਲਬਾਤ ’ਚ ਇਸ ਫੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਛੋਟੇ ਕਾਰੋਬਾਰ ਪਹਿਲਾਂ ਹੀ ਵੱਧ ਰਹੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰੈਡਿਟ ਕਾਰਡ ਕਾਰੋਬਾਰਾਂ ਲਈ ਇੱਕ ਅਹਿਮ cash flow ਦਾ ਜ਼ਰੀਆ ਹੁੰਦਾ ਹੈ, ਜੋ ਉਹਨਾਂ ਨੂੰ ਔਖੇ ਸਮੇਂ ’ਚ ਰਾਹਤ ਦਿੰਦਾ ਹੈ। Australian Chamber of Commerce and Industry ਦੇ ਮੁਖੀ Andrew McKellar ਨੇ ਵੀ ਇਸ ਮਾਮਲੇ ’ਚ ਦਖਲ ਦੇਣ ਲਈ ਸਿਆਸੀ ਲੀਡਰਾਂ ਨੂੰ ਅਪੀਲ ਕੀਤੀ ਹੈ।
ATO ਨੂੰ ਝੱਲਣਾ ਪੈ ਸਕਦੈ 200 ਮਿਲੀਅਨ ਡਾਲਰ ਦਾ ਨੁਕਸਾਨ
ਦੂਜੇ ਪਾਸੇ, ATO ਦਾ ਤਰਕ ਹੈ ਕਿ Reserve Bank ਵੱਲੋਂ ਕ੍ਰੈਡਿਟ ਕਾਰਡ ਸਰਚਾਰਜ ਬੈਨ ਕਰਨ ਕਾਰਨ, ਜੇਕਰ ਉਹ ਕਾਰਡ ਪੇਮੈਂਟਸ ਸਵੀਕਾਰ ਕਰਨਾ ਜਾਰੀ ਰੱਖਦੇ ਹਨ, ਤਾਂ ਵਿਭਾਗ ਨੂੰ ਸਾਲਾਨਾ 200 ਮਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪਵੇਗਾ।
ਕਾਰੋਬਾਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ Housing Minister Clare O’Neil ਅਤੇ Small Business Minister Anne Aly ਨੇ ATO ਨੂੰ ਕਾਰੋਬਾਰੀਆਂ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਹੈ। ਹਾਲਾਂਕਿ, Assistant Minister Andrew Charlton ਨੇ ATO ਦਾ ਬਚਾਅ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ Angus Taylor ਨੇ ਇਸ ਪੂਰੇ ਮੁੱਦੇ ’ਤੇ ਟਰੈਜ਼ਰਰ Jim Chalmers ਦੀ ਚੁੱਪੀ ’ਤੇ ਤਿੱਖੇ ਸਵਾਲ ਖੜੇ ਕੀਤੇ ਹਨ। ਫਿਲਹਾਲ ਛੋਟੇ ਕਾਰੋਬਾਰੀਆਂ ਦੀਆਂ ਨਜ਼ਰਾਂ ਸਰਕਾਰ ਦੇ ਅਗਲੇ ਕਦਮ ’ਤੇ ਟਿਕੀਆਂ ਹੋਈਆਂ ਹਨ।
Reserve Bank ਦੇ ਕਾਰਡ ਸਰਚਾਰਜ ਬੈਨ ਦਾ ਉਲਟਾ ਅਸਰ: ਕੈਫਿਆਂ ’ਚ ਕੌਫੀ ਦੀਆਂ ਕੀਮਤਾਂ 10% ਵਧੀਆਂ
ਦੂਜੇ ਪਾਸੇ Reserve Bank (RBA) ਵੱਲੋਂ ਕਾਰਡ ਸਰਚਾਰਜ ਉੱਤੇ ਲਗਾਈ ਗਈ ਪਾਬੰਦੀ ਦਾ ਇੱਕ ਅਣਕਿਆਸਿਆ ਨਤੀਜਾ ਸਾਹਮਣੇ ਆਇਆ ਹੈ। ਕਸਟਮਰਜ਼ ਨੂੰ ਰਾਹਤ ਦੇਣ ਦੇ ਮਕਸਦ ਨਾਲ ਲਾਗੂ ਕੀਤੇ ਗਏ ਇਸ ਨਿਯਮ ਕਾਰਨ ਕਈ ਕੈਫੇ ਮਾਲਕਾਂ ਨੇ ਕੌਫੀ ਦੀਆਂ ਕੀਮਤਾਂ ’ਚ ਲਗਭਗ 10% ਤੱਕ ਦਾ ਵਾਧਾ ਕਰ ਦਿੱਤਾ ਹੈ।
‘Small Flat White’ ਪਲੇਟਫਾਰਮ ਦੇ ਅੰਕੜਿਆਂ ਅਨੁਸਾਰ, 1 ਅਕਤੂਬਰ ਨੂੰ ਬੈਨ ਲਾਗੂ ਹੋਣ ਤੋਂ ਬਾਅਦ ਲਗਭਗ 17% ਕੈਫਿਆਂ ਨੇ ਆਪਣੀਆਂ ਕੀਮਤਾਂ ਵਧਾ ਦਿੱਤੀਆਂ ਹਨ। ਆਮ ਤੌਰ ’ਤੇ ਕਸਟਮਰਜ਼ ਨੂੰ ਪਹਿਲਾਂ 0.5 ਤੋਂ 1.5% ਦਾ ਕਾਰਡ ਸਰਚਾਰਜ ਦੇਣਾ ਪੈਂਦਾ ਸੀ, ਪਰ ਹੁਣ ਕੌਫੀ ਦੀ ਕੀਮਤ ’ਚ ਸਿੱਧਾ 50 ਸੈਂਟ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ABC News ਨਾਲ ਗੱਲਬਾਤ ’ਚ Hobart ’ਚ ਇੱਕ ਰੈਸਟੋਰੈਂਟ ਦੇ ਮਾਲਕ, ਅਵਤਾਰ ਸਿੰਘ ਦਾ ਕਹਿਣਾ ਹੈ ਕਿ ਛੋਟੇ ਕਾਰੋਬਾਰ ਪਹਿਲਾਂ ਹੀ ਬਹੁਤ ਘੱਟ ਮੁਨਾਫੇ (thin margins) ’ਤੇ ਕੰਮ ਕਰ ਰਹੇ ਹਨ ਅਤੇ ਹੋਰ ਵਿੱਤੀ ਦਬਾਅ ਉਨ੍ਹਾਂ ਲਈ ਕਾਰੋਬਾਰ ਚਲਾਉਣਾ ਮੁਸ਼ਕਲ ਕਰ ਦੇਵੇਗਾ। Australian Restaurant and Cafe Association ਦੇ ਚੀਫ ਐਗਜ਼ੀਕਿਊਟਿਵ Wes Lambert ਨੇ ਇਸ ਸਥਿਤੀ ਨੂੰ RBA ਦਾ ‘own goal’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਇਹ ਪਾਬੰਦੀ ਕਾਰੋਬਾਰਾਂ ਅਤੇ ਗਾਹਕਾਂ ਦੋਵਾਂ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ।
ਹਾਲਾਂਕਿ, ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਦਾ ਲੰਬੇ ਸਮੇਂ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ। Westpac ਦੀ ਮੁੱਖ ਅਰਥਸ਼ਾਸਤਰੀ Luci Ellis ਅਤੇ AMP ਦੇ ਚੀਫ ਇਕਾਨੋਮਿਸਟ Shane Oliver ਮੁਤਾਬਕ ਇਹ ਕੀਮਤਾਂ ’ਚ ਵਾਧਾ ਸਿਰਫ ਇੱਕ ਵਾਰੀ ਦਾ ਬਦਲਾਅ ਹੈ। ਇਸ ਨਾਲ inflation ਜਾਂ ਵਿਆਜ ਦਰਾਂ ’ਤੇ ਕੋਈ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਵੱਡੀਆਂ ਕੰਪਨੀਆਂ ਪਹਿਲਾਂ ਹੀ ਸਰਚਾਰਜ ਨਹੀਂ ਲੈ ਰਹੀਆਂ ਸਨ ਅਤੇ ਇਹ ਮਸਲਾ ਮੁੱਖ ਤੌਰ ’ਤੇ ਛੋਟੇ ਕਾਰੋਬਾਰਾਂ ਤੱਕ ਹੀ ਸੀਮਤ ਹੈ।
