ਮੈੱਲਬਰਨ : ਆਸਟ੍ਰੇਲੀਆ ਦੇ ਸ਼ਹਿਰ Melbourne ’ਚ ਇੱਕ ਸਥਾਈ ‘Little India’ ਖੇਤਰ ਬਣਾਉਣ ਦੇ 1.2 ਮਿਲੀਅਨ ਡਾਲਰ ਦੇ ਪ੍ਰਸਤਾਵ ਨੇ ਸਥਾਨਕ ਲੋਕਾਂ ’ਚ ਨਵੀਂ ਬਹਿਸ ਛੇੜ ਦਿੱਤੀ ਹੈ। City of Melbourne ਵੱਲੋਂ 2026-27 ਦੇ ਬਜਟ ਵਿੱਚੋਂ ਸਲਾਹ-ਮਸ਼ਵਰੇ ਅਤੇ ਸ਼ੁਰੂਆਤੀ ਟ੍ਰਾਇਲ ਲਈ ਇਹ ਫੰਡ ਜਾਰੀ ਕੀਤੇ ਗਏ ਹਨ। ਬਿਹਤਰ ਆਵਾਜਾਈ, ਖੁੱਲ੍ਹੀ ਥਾਂ ਅਤੇ ਵਪਾਰਕ ਮੌਕਿਆਂ ਕਾਰਨ ਵਾਟਰਫਰੰਟ ਖੇਤਰ Docklands ਨੂੰ ਇਸ ਪ੍ਰੋਜੈਕਟ ਲਈ ਸਭ ਤੋਂ ਢੁਕਵੀਂ ਥਾਂ ਵਜੋਂ ਚੁਣਿਆ ਗਿਆ ਹੈ, ਜਿੱਥੇ 2027 ਦੇ ਸ਼ੁਰੂ ’ਚ ਟ੍ਰਾਇਲ ਲਾਂਚ ਕਰਨ ਦੀ ਯੋਜਨਾ ਹੈ।
ਪਰ Dailymail ਦੀ ਇੱਕ ਰਿਪੋਰਟ ਅਨੁਸਾਰ, ਇਸ ਯੋਜਨਾ ਨੂੰ ਲੈ ਕੇ ਸਥਾਨਕ ਨਿਵਾਸੀਆਂ ’ਚ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। Docklands ਦੇ ਕਈ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਰਿਹਾਇਸ਼ੀ ਇਲਾਕਾ ਸਿਰਫ਼ ਸੈਲਾਨੀਆਂ ਲਈ ਇੱਕ ‘ਥੀਮਡ ਪ੍ਰੀਸਿੰਕਟ’ ਬਣ ਕੇ ਰਹਿ ਜਾਵੇਗਾ। ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੇ ਇਵੈਂਟ ਸੈਂਟਰ ਬਣਾਉਣ ਦੀ ਬਜਾਏ ਪਾਰਕਾਂ, ਸਾਫ਼-ਸਫ਼ਾਈ, ਸਕੂਲਾਂ ਅਤੇ ਬੱਚਿਆਂ ਦੀਆਂ ਸਹੂਲਤਾਂ ’ਚ ਨਿਵੇਸ਼ ਕੀਤਾ ਜਾਵੇ। ਇਸ ਤੋਂ ਇਲਾਵਾ, United Australia Party ਦੇ ਸੈਨੇਟਰ Ralph Babet ਨੇ ਵੀ ਇਸ ਪ੍ਰਸਤਾਵ ਦਾ ਸਖ਼ਤ ਵਿਰੋਧ ਕਰਦਿਆਂ ‘Australia first’ ਦੀ ਗੱਲ ਕਹੀ ਹੈ।
ਦੂਜੇ ਪਾਸੇ, ਇੰਡੀਅਨ ਕਮਿਊਨਿਟੀ ਦੇ ਆਗੂ ਇਸ ਦਾ ਭਰਵਾਂ ਸਵਾਗਤ ਕਰ ਰਹੇ ਹਨ। Federation of Indian Associations in Victoria ਦੇ ਪ੍ਰਧਾਨ Vasan Srinivasan, ਜੋ Chinatown ਅਤੇ Lygon Street ਦੀ ਤਰਜ਼ ‘ਤੇ ਪਿਛਲੇ ਦੋ ਦਹਾਕਿਆਂ ਤੋਂ ਅਜਿਹੇ ਸੱਭਿਆਚਾਰਕ ਕੇਂਦਰ ਦੀ ਮੰਗ ਕਰ ਰਹੇ ਹਨ, ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਲੰਬੇ ਸਮੇਂ ਦੀ ਸਫ਼ਲਤਾ ਲਈ ਫੰਡਿੰਗ ਘੱਟੋ-ਘੱਟ ਦਸ ਗੁਣਾ ਵਧਾਈ ਜਾਣੀ ਚਾਹੀਦੀ ਹੈ। Holi Festival ਦੇ ਡਾਇਰੈਕਟਰ Sunny Pathak ਨੇ ਵੀ Docklands ਨੂੰ ਇਸ ਲਈ ਕੁਦਰਤੀ ਘਰ ਦੱਸਿਆ ਹੈ, ਜਿੱਥੇ ਪਹਿਲਾਂ ਹੀ Marvel Stadium ਵਿਖੇ Narendra Modi ਅਤੇ Anthony Albanese ਦੀ ਰੈਲੀ ਸਮੇਤ ਕਈ ਵੱਡੇ ਭਾਰਤੀ ਸਮਾਗਮ ਹੋ ਚੁੱਕੇ ਹਨ। ਕੌਂਸਲ ਅਨੁਸਾਰ, ਹੁਣ ਤੱਕ 1,000 ਤੋਂ ਵੱਧ ਲੋਕਾਂ ਦੇ ਸੁਝਾਅ ਮਿਲ ਚੁੱਕੇ ਹਨ ਅਤੇ ਫਰਵਰੀ ’ਚ ਆਉਣ ਵਾਲੀ ਰਿਪੋਰਟ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।
