ਮੈੱਲਬਰਨ : ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ਦੇ ਪੇਂਡੂ ਇਲਾਕੇ Sunraysia ਦੇ ਭਵਿੱਖ, ਸੱਭਿਆਚਾਰ ਅਤੇ ਭਾਈਚਾਰਕ ਵਿਕਾਸ ਦੀ ਨਵੀਂ ਤਸਵੀਰ ਉਲੀਕਣ ਲਈ Creative Sunraysia ਵੱਲੋਂ ਸਾਲ 2026 ਦਾ ਆਖਰੀ ਵਿਸ਼ੇਸ਼ ਸਮਾਗਮ ‘Talking Big Sunraysia: A (Christmas) Wish for Sunraysia’ ਕਰਵਾਇਆ ਜਾ ਰਿਹਾ ਹੈ। ਇਸ ਅਹਿਮ ਮੰਚ ‘ਤੇ ਪੰਜਾਬ ਦੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਰੁਪਿੰਦਰ ਸਿੱਧੂ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਸਾਂਝੇ ਕਰਨਗੇ।
ਰੁਪਿੰਦਰ ਸਿੱਧੂ ਇਸ ਸਮੇਂ Mildura ਦੇ Mental Health and Wellbeing Local ਵਿੱਚ ਬਤੌਰ Mental Health Practitioner ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਭਾਰਤੀ ਭਾਈਚਾਰੇ ਦੀ ਪ੍ਰਮੁੱਖ ਸੰਸਥਾ Sunraysia Indian Association ਦੀ ਕਾਰਜਕਾਰਨੀ ਵਿੱਚ Public Relations Manager ਵਜੋਂ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਆਪਣੇ ਸੰਬੋਧਨ ਦੌਰਾਨ ਰੁਪਿੰਦਰ ਸਿੱਧੂ ਇਸ ਗੱਲ ‘ਤੇ ਖਾਸ ਚਾਨਣਾ ਪਾਉਣਗੇ ਕਿ ਕਿਸੇ ਵੀ ਇਨਸਾਨ ਦੀ ਮਾਨਸਿਕ ਅਤੇ ਸਮੁੱਚੀ ਤੰਦਰੁਸਤੀ ਲਈ ਉਸ ਦਾ ਪਰਿਵਾਰ, ਸੱਭਿਆਚਾਰ, ਆਪਸੀ ਸਾਂਝ ਅਤੇ ਭਾਈਚਾਰਾ ਕਿੰਨਾ ਮਹੱਤਵਪੂਰਨ ਹੁੰਦਾ ਹੈ। ਉਹ ਬਹੁ-ਸੱਭਿਆਚਾਰਕ ਪਰਿਵਾਰਾਂ ਲਈ ਮਜ਼ਬੂਤ ਸੱਭਿਆਚਾਰਕ ਸਮਾਵੇਸ਼ ਅਤੇ ਸਹਿਯੋਗ ਦੀ ਲੋੜ ਵੱਲ ਵਿਸ਼ੇਸ਼ ਧਿਆਨ ਦਿਵਾਉਣਗੇ। ਇਸ ਤੋਂ ਇਲਾਵਾ, ਇੱਕ ਸੁਰੱਖਿਅਤ ਅਤੇ ਖੁਸ਼ਹਾਲ Sunraysia ਸਿਰਜਣ ਦੇ ਮਕਸਦ ਨਾਲ ਉਹ Mildura ਅਤੇ Sunraysia ਭਰ ਵਿੱਚ ਨੌਜਵਾਨਾਂ ਲਈ ਅਜਿਹੇ ਭਾਈਚਾਰਕ ਗਰੁੱਪ ਬਣਾਉਣ ਦੀ ਵਕਾਲਤ ਕਰਨਗੇ, ਜਿੱਥੇ ਨੌਜਵਾਨ ਆਪਣੀ ਕਾਬਲੀਅਤ ਨੂੰ ਨਿਖਾਰ ਸਕਣ, ਚੰਗੇ ਦੋਸਤ ਬਣਾ ਸਕਣ ਅਤੇ ਭਾਈਚਾਰਕ ਤਰੱਕੀ ਵਿੱਚ ਸਿੱਧਾ ਯੋਗਦਾਨ ਪਾ ਸਕਣ।
Creative Sunraysia ਦਾ ਇਹ ਸਮਾਗਮ ਸਥਾਨਕ ਆਵਾਜ਼ਾਂ ਨੂੰ ਕਲਾ, ਸੱਭਿਆਚਾਰ, ਨਵੀਨਤਾ ਅਤੇ ਵਾਤਾਵਰਣ ਵਰਗੇ ਮੁੱਦਿਆਂ ‘ਤੇ ਭਵਿੱਖ ਦੀ ਕਲਪਨਾ ਕਰਨ ਅਤੇ ਇਲਾਕੇ ਦੀ ਬਿਹਤਰੀ ਲਈ ਆਪਣੀ ਇੱਕ ਖਾਸ ਇੱਛਾ ਸਾਂਝੀ ਕਰਨ ਦਾ ਮੌਕਾ ਦੇਵੇਗਾ। ਇਹ ਮੁਫ਼ਤ ਸਮਾਗਮ ਬੁੱਧਵਾਰ, 18 November 2026 ਨੂੰ ਸ਼ਾਮ 7:00 ਵਜੇ Powerhouse Place, Hugh King Drive, Mildura ਵਿਖੇ ਹੋਵੇਗਾ, ਜਿੱਥੇ ਸਮੂਹ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
