ਅਮਰੀਕਾ : Tracy ’ਚ ਸਿੱਖ ਸੇਵਾਦਾਰ ਦੇ ਅਗਵਾ ਅਤੇ ਕਤਲ ਮਾਮਲੇ ’ਚ ਮੈਕਸੀਕੋ ਤੋਂ ਇੱਕ ਮੁਲਜ਼ਮ ਗ੍ਰਿਫ਼ਤਾਰ, ਦੋ ਅਜੇ ਵੀ ਫਰਾਰ

Sea7 Australia Team
2 Min Read

Tracy (ਕੈਲੀਫੋਰਨੀਆ): ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ Tracy ’ਚ ਇੱਕ ਸਿੱਖ ਵਿਅਕਤੀ ਦੇ ਅਗਵਾ ਅਤੇ ਕਤਲ ਮਾਮਲੇ ’ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। San Joaquin County Sheriff’s Office ਅਤੇ FBI ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ’ਚ ਲੋੜੀਂਦੇ ਤਿੰਨ ਮੁਲਜ਼ਮਾਂ ’ਚੋਂ ਇੱਕ, Alberto Alonso Alencastro ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਹੁਣ San Joaquin County Jail ’ਚ ਬੰਦ ਕਰ ਦਿੱਤਾ ਗਿਆ ਹੈ, ਜਦਕਿ ਦੋ ਹੋਰ ਮੁਲਜ਼ਮ Alfonso Cresencio Segura Arellano ਅਤੇ Barnabe Antonio Segura Arellano ਦੀ ਭਾਲ ਅਜੇ ਵੀ ਜਾਰੀ ਹੈ।

57 ਸਾਲ ਦੇ ਅਵਤਾਰ ਸਿੰਘ, ਜੋ ਕਿ West Grant Line Road ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ’ਚ ਲੰਬੇ ਸਮੇਂ ਤੋਂ ਨਿਸ਼ਕਾਮ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ, ਨੂੰ 17 ਫਰਵਰੀ ਨੂੰ ਦੁਪਹਿਰ ਕਰੀਬ 2:30 ਵਜੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚੋਂ ਅਗਵਾ ਕਰ ਲਿਆ ਗਿਆ ਸੀ। ਸੀਸੀਟੀਵੀ ਫੁਟੇਜ ’ਚ ਦੇਖਿਆ ਗਿਆ ਕਿ ਕਾਲੇ ਕੱਪੜਿਆਂ ’ਚ ਆਏ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਇੱਕ ਚਿੱਟੇ ਰੰਗ ਦੀ SUV ’ਚ ਬਿਠਾ ਲਿਆ। ਜਾਂਚ ਅਧਿਕਾਰੀਆਂ ਅਨੁਸਾਰ ਅਵਤਾਰ ਸਿੰਘ ਹਮਲਾਵਰਾਂ ਦਾ ਅਸਲ ਨਿਸ਼ਾਨਾ ਨਹੀਂ ਸਨ, ਸਗੋਂ ਉਹ ਗਲਤ ਪਛਾਣ (mistaken identity) ਦਾ ਸ਼ਿਕਾਰ ਹੋ ਗਏ।

ਅਗਵਾ ਹੋਣ ਤੋਂ ਕੁਝ ਦਿਨਾਂ ਬਾਅਦ, Napa County Sheriff’s Office ਨੂੰ Lake Berryessa ਨੇੜਿਓਂ ਅਵਤਾਰ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ 6 ਮਹੀਨਿਆਂ ਦੇ ਤਿੰਨ ਜੁੜਵਾਂ ਬੱਚੇ (triplets) ਛੱਡ ਗਏ ਹਨ।

ਪੁਲਿਸ ਵਿਭਾਗ ਨੇ ਮੈਕਸੀਕੋ ਦੇ ਸੰਘੀ ਅਧਿਕਾਰੀਆਂ ਅਤੇ FBI ਦੇ ਸਹਿਯੋਗ ਨਾਲ ਕਈ ਮਹੀਨਿਆਂ ਦੀ ਡੂੰਘੀ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਬਾਕੀ ਦੋ ਫਰਾਰ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ San Joaquin County Sheriff’s Office ਦੇ ਨੰਬਰ 209-468-4400 ‘ਤੇ ਸੰਪਰਕ ਕਰੇ।

Share This Article
Leave a Comment

Leave a Reply

Your email address will not be published. Required fields are marked *