ਮੈੱਲਬਰਨ : ਸਾਈਬਰ ਸੁਰੱਖਿਆ ਮਾਹਰਾਂ ਨੇ ਇੰਟਰਨੈੱਟ ਦੀ ਦੁਨੀਆ ’ਚ ਇੱਕ ਬਹੁਤ ਵੱਡੇ ਖਤਰੇ ਦੀ ਚੇਤਾਵਨੀ ਦਿੱਤੀ ਹੈ। ਇਸ ਮਹੀਨੇ ਨੂੰ ‘Black October’ ਦਾ ਨਾਮ ਦਿੱਤਾ ਜਾ ਰਿਹਾ ਹੈ, ਕਿਉਂਕਿ AI ਦੀ ਵਰਤੋਂ ਕਰ ਕੇ PHP ਪ੍ਰੋਗਰਾਮਿੰਗ ’ਚ ਇੱਕ ਗੰਭੀਰ ਖਾਮੀ ਲੱਭੀ ਗਈ ਹੈ। ਮਾਹਰਾਂ ਅਨੁਸਾਰ, ਇਹ ਖਾਮੀ ਦੁਨੀਆ ਭਰ ਦੀਆਂ ਲਗਭਗ 70% ਵੈੱਬਸਾਈਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਦੁਨੀਆ ਦੇ ਪ੍ਰਮੁੱਖ ਤਕਨੀਕੀ ਆਗੂਆਂ ਨੇ ਇਸ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। Sam Altman ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰੀਆਂ ਖਾਮੀਆਂ (bugs) ਨੂੰ ਠੀਕ ਕਰ ਸਕਾਂਗੇ।’’ Anthropic ਦੇ ਡਿਪਟੀ ਚੀਫ ਇਨਫੋਰਮੇਸ਼ਨ ਸਕਿਓਰਿਟੀ ਅਫਸਰ Jason Clinton ਨੇ ਆਉਣ ਵਾਲੇ ਮਹੀਨਿਆਂ ’ਚ ਇੱਕ vulnerability tsunami ਆਉਣ ਦੀ ਭਵਿੱਖਬਾਣੀ ਕੀਤੀ ਹੈ। ਇਸ ਗੱਲ ਨਾਲ ਸਹਿਮਤ ਹੁੰਦਿਆਂ, Salesforce ਦੇ CEO Marc Benioff ਨੇ ਇਸ ਨੂੰ code red ਕਰਾਰ ਦਿੱਤਾ ਹੈ।
ਖੋਜਕਰਤਾਵਾਂ ਨੇ ਪਾਇਆ ਹੈ ਕਿ PHP ’ਚ ਮੌਜੂਦ ਇਹ ਬੱਗ ਕਈ ਸਾਲਾਂ ਤੋਂ ਅਣਦੇਖਿਆ ਸੀ। AI ਜਿੱਥੇ ਇਨ੍ਹਾਂ ਖਾਮੀਆਂ ਨੂੰ ਲੱਭਣ ’ਚ ਮਦਦ ਕਰ ਰਿਹਾ ਹੈ, ਉੱਥੇ ਹੀ ਹੈਕਰਾਂ ਵੱਲੋਂ ਇਸ ਦੀ ਵਰਤੋਂ ਹਮਲੇ ਕਰਨ ਲਈ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। Cloudflare ਦੇ CEO Matthew Prince ਨੇ ਦੱਸਿਆ ਕਿ ਇਸ ਖਾਮੀ ਦਾ ਫਾਇਦਾ ਉਠਾਉਣ ਲਈ ਕੁਝ ਹੀ ਘੰਟਿਆਂ ’ਚ ਲੱਖਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਸੁਰੱਖਿਆ ਪਲੇਟਫਾਰਮ Wiz ਦੇ ਖੋਜਕਰਤਾਵਾਂ ਨੇ ਇਸ ਨੂੰ ਸਾਫਟਵੇਅਰ ਇਤਿਹਾਸ ਦੀਆਂ ਸਭ ਤੋਂ ਗੰਭੀਰ ਖਾਮੀਆਂ ’ਚੋਂ ਇੱਕ ਮੰਨਿਆ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ, US NSA ਨੇ ਸਾਰੀਆਂ PHP ਆਧਾਰਿਤ ਵੈੱਬਸਾਈਟਾਂ ਨੂੰ ਤੁਰੰਤ ਸੁਰੱਖਿਆ ਪੈਚ ਲਾਗੂ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਅਮਰੀਕਾ ਅਤੇ ਬਰਤਾਨੀਆ ’ਚ ਕਈ ਸਰਕਾਰੀ ਅਤੇ ਨਿੱਜੀ ਵੈੱਬਸਾਈਟਾਂ ਨੂੰ ਇਨ੍ਹਾਂ ਬੱਗਸ ਨੂੰ ਠੀਕ ਕਰਨ ਲਈ ਆਰਜ਼ੀ ਤੌਰ ’ਤੇ ਬੰਦ ਕਰਨਾ ਪਿਆ ਹੈ।
