ਮੈਲਬਰਨ : ANZAC Day ਆਸਟ੍ਰੇਲੀਆ ਦੀ ਰਾਸ਼ਟਰੀ ਯਾਦਗਾਰੀ ਦਾ ਪ੍ਰਤੀਕ ਹੈ, ਪਰ ਇਸ ਦੇ ਪਿੱਛੇ ਇੱਕ ਅਜਿਹਾ ਅਧਿਆਇ ਹੈ ਜੋ ਅਕਸਰ ਨਜ਼ਰਾਂ ਤੋਂ ਓਝਲ ਰਹਿੰਦਾ ਹੈ, ਸਿੱਖ ਫ਼ੌਜੀਆਂ ਦੀ ਭੂਮਿਕਾ। ANZAC Day ਆਸਟ੍ਰੇਲੀਅਨ ਤੇ ਨਿਊਜ਼ੀਲੈਂਡ ਦੇ ਫ਼ੌਜੀਆਂ ਵੱਲੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਗਲੀਪੋਲੀ ਵਿੱਚ ਦਿੱਤੀ ਸ਼ਹਾਦਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਗਲੀਪੋਲੀ ਵਿੱਚ ਤਕਰੀਬਨ 10000 ਸਿੱਖ ਫ਼ੌਜੀਆਂ ਨੇ ਵੀ ਹਿੱਸਾ ਲਿਆ ਤੇ ਸੈਂਕੜੇ ਸਿੱਖ ਫੌਜੀ ਵੀ ਇਸ ਦੌਰਾਨ ਸ਼ਹੀਦ ਹੋਏ।
ਹਾਲਾਂਕਿ ਸਿੱਖਾਂ ਦੀ ਵਿਰਾਸਤ ਸਿਰਫ਼ ਜੰਗ ਤੱਕ ਸੀਮਿਤ ਨਹੀਂ। ਦਰਅਸਲ ਸਿੱਖਾਂ ਦੀ ਪੱਗ ਤੋਂ ਪ੍ਰੇਰਿਤ puggaree ਵੀ ਆਸਟ੍ਰੇਲੀਅਨ ਫ਼ੌਜੀਆਂ ਦੀ ਸਲੋਚ ਹੈਟ ਦਾ ਹਿੱਸਾ ਦਸਿਆ ਜਾਂਦਾ ਹੈ। ਆਸਟ੍ਰੇਲੀਅਨ ਫੌਜ ਦੇ ਸਲੌਚ ਹੈਟ ’ਤੇ ਲੱਗੀ ਸੱਤ ਪਲਿੱਟਾਂ ਵਾਲੀ ਪੱਟੀ, ਜਿਸ ਨੂੰ puggaree ਕਿਹਾ ਜਾਂਦਾ ਹੈ, ਪੱਗ ਤੋਂ ਹੀ ਪ੍ਰੇਰਿਤ ਹੈ। ਹਰ ਪਲਿੱਟ ਇੱਕ ਸਟੇਟ ਅਤੇ ਖੇਤਰ ਦੀ ਨੁਮਾਇੰਦਗੀ ਕਰਦੀ ਹੈ।
ਪ੍ਰਾਈਵੇਟ ਦਸੰਦਾ ਸਿੰਘ, ਜੋ ਸਾਊਥ ਆਸਟ੍ਰੇਲੀਆ ਦੇ ਸਿਡੂਨਾ ਸ਼ਹਿਰ ਵਿੱਚ ਵਪਾਰੀ ਸਨ, ਪਹਿਲੇ ਵਿਸ਼ਵ ਯੁੱਧ ਦੌਰਾਨ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਵਿੱਚ ਸ਼ਾਮਲ ਹੋਏ ਸਨ। ਉਹ 38 ਸਾਲ ਦੀ ਉਮਰ ਵਿੱਚ 3rd Light Horse Regiment ਦਾ ਹਿੱਸਾ ਬਣੇ, ਜਦੋਂ ਗੈਰ-ਯੂਰਪੀ ਪਿਛੋਕੜ ਵਾਲਿਆਂ ਲਈ ਭਰਤੀ ਦੇ ਨਿਯਮ ਢਿੱਲੇ ਕੀਤੇ ਗਏ ਸਨ।

ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇਹਚਲ ਸਿੰਘ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਲਈ ਇਹ ਖ਼ਬਰ ਹੈਰਾਨੀਜਨਕ ਸੀ। ਉਹ ਕਹਿੰਦੇ ਹਨ ਕਿ “ਮੇਰੇ ਲਈ ਇਹ ਮਾਣ ਦਾ ਮੌਕਾ ਹੈ ਕਿ ਮੇਰੇ ਪੜਦਾਦਾ ਜਿਸ ਦੇਸ਼ ’ਚ ਆ ਕੇ ਵਸੇ, ਉਸ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੇਵਾ ਕੀਤੀ।” ਦਰਅਸਲ ਪੰਜਾਬ ’ਚ ਉਨ੍ਹਾਂ ਆਪਣੇ ਘਰ ਬਚਪਨ ਆਪਣੇ ਦਾਦਾ ਦੇ ਮੈਡਲ ਵੇਖੇ ਸਨ ਪਰ ਪਤਾ ਨਹੀਂ ਸੀ ਕਿ ਇਸ ਉਨ੍ਹਾਂ ਨੂੰ ਕਿੱਥੋਂ ਮਿਲੇ। ਜਦੋਂ ਉਹ ਮੈਲਬਰਨ ਆਏ ਤਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਦਾਦਾ ਆਸਟ੍ਰੇਲੀਆ ’ਚ ਫ਼ੌਜੀ ਸਨ।

ਇਤਿਹਾਸਕਾਰ ਪ੍ਰੋਫੈਸਰ ਪੀਟਰ ਸਟੈਨਲੀ ਦੇ ਅਨੁਸਾਰ, ਲਗਭਗ 20 ਭਾਰਤੀ ਮੂਲ ਦੇ ਆਸਟ੍ਰੇਲੀਅਨ ਫ਼ੌਜੀ ANZAC ਫ਼ੌਜ ਵਿੱਚ ਸ਼ਾਮਲ ਹੋਏ, ਹਾਲਾਂਕਿ ਉਹ ਗੈਲੀਪੋਲੀ ਵਿੱਚ ਨਹੀਂ ਲੜੇ। ਉਸ ਸਮੇਂ 1903 ਦੇ ਡਿਫੈਂਸ ਐਕਟ ਨੇ ਗੈਰ-ਯੂਰਪੀ ਲੋਕਾਂ ਨੂੰ ਭਰਤੀ ਹੋਣ ਤੋਂ ਰੋਕਿਆ ਸੀ, ਪਰ ਜੰਗ ਵਧਣ ਕਾਰਨ ਇਹ ਰੁਕਾਵਟਾਂ ਹਟਾ ਦਿੱਤੀਆਂ।
ਅੱਜ ਦੇ ਸਮੇਂ ਵਿੱਚ ਸਿੱਖ ਫ਼ੌਜੀ ਆਸਟ੍ਰੇਲੀਅਨ ਫੌਜ ਵਿੱਚ ਵੱਖ-ਵੱਖ ਪੱਧਰਾਂ ’ਤੇ ਸੇਵਾ ਕਰ ਰਹੇ ਹਨ। ਫਲਾਈਟ ਲਿਫਟੈਨੈਂਟ ਕੁਲਜੀਤ ਜੱਸਲ, ਜੋ 1988 ਵਿੱਚ RAAF ਵਿੱਚ ਸ਼ਾਮਲ ਹੋਈ, ਪਹਿਲੀ ਸਿੱਖ ਮਹਿਲਾ ਅਧਿਕਾਰੀ ਸਨ। ਮੇਜਰ ਅਮਰਿੰਦਰ ਸਿੰਘ ਘੁੰਮਨ, ਜੋ ਸਭ ਤੋਂ ਉੱਚੇ ਦਰਜੇ ਦੇ ਸਿੱਖ ਅਧਿਕਾਰੀ ਹਨ, ਕਹਿੰਦੇ ਹਨ ਕਿ “ਸਾਡੀ ਕੌਮ ਛੋਟੀ ਹੈ, ਪਰ ਸਾਡੀ ਕਹਾਣੀ ਇਸ ਦੇਸ਼ ਦੇ ਇਤਿਹਾਸ ਵਿੱਚ ਡੂੰਘੀ ਲਿਖੀ ਹੋਈ ਹੈ।”

ANZAC Day ਦੀ ਯਾਦਗਾਰ ਹੁਣ ਸਿਰਫ਼ ਇੱਕ “ਸਫ਼ੇਦ ਆਸਟ੍ਰੇਲੀਅਨ ਫ਼ੌਜੀ” ਦੀ ਤਸਵੀਰ ਨਹੀਂ ਰਹੀ। ਇਹ ਇੱਕ ਬਹੁ-ਸੱਭਿਆਚਾਰਕ ਕਹਾਣੀ ਹੈ, ਜਿਸ ਵਿੱਚ ਸਿੱਖ, ਮੁਸਲਮਾਨ, ਹਿੰਦੂ, ਚੀਨੀ ਅਤੇ ਮੂਲਵਾਸੀ ਫ਼ੌਜੀਆਂ ਦੀ ਭੂਮਿਕਾ ਵੀ ਸ਼ਾਮਲ ਹੈ। ਇਹ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਸਟ੍ਰੇਲੀਆ ਦੀ ਬੁਨਿਆਦ ਵਿੱਚ ਵੰਨ-ਸੁਵੰਨਤਾ ਅਤੇ ਸਾਂਝੀ ਕੁਰਬਾਨੀ ਦੀ ਰੂਹ ਸ਼ਾਮਲ ਹੈ।

Source : ABC News
