Melbourne ’ਚ ਪੰਜਾਬੀ ਕੁੜੀ ਦੇ ਮਾਮਲੇ ਨੇ ਫੜਿਆ ਤੂਲ, ਪ੍ਰਦਰਸ਼ਨਾਂ ਤੋਂ ਬਾਅਦ ਅਸਲ ਸੱਚਾਈ ਆਈ ਸਾਹਮਣੇ

Sea7 Australia Team
4 Min Read
  • ਬੱਚੀ ਗੁਰਸਿੱਖ ਪਰਿਵਾਰ ਕੋਲ ਸੁਰੱਖਿਅਤ, ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਮੈੱਲਬਰਨ : ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੇ Melbourne ’ਚ 15 ਸਾਲ ਦੀ ਪੰਜਾਬੀ ਮੂਲ ਦੀ ਕੁੜੀ ਕ੍ਰਿਸ਼ਲੀਨ ਕੌਰ ਦੇ ਲਾਪਤਾ ਹੋਣ ਦੇ ਮਾਮਲੇ ਨੇ ਕਾਫ਼ੀ ਤੂਲ ਫੜਿਆ ਹੋਇਆ ਹੈ। ਬੱਚੀ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਕ੍ਰਿਸ਼ਲੀਨ ਕੌਰ 23 ਅਕਤੂਬਰ ਨੂੰ ਘਰ ਨਹੀਂ ਪਰਤੀ ਅਤੇ Wallan Secondary College ਤੋਂ ਆਪਣੀਆਂ ਦੋ ਸਹੇਲੀਆਂ ਨਾਲ ਚਲੀ ਗਈ ਸੀ। ਇਸ ਦੌਰਾਨ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਉਸ ਦੇ ਲਾਪਤਾ ਹੋਣ ਦੇ ਪੋਸਟਰ ਫੈਲਾਏ ਅਤੇ ਫਿਰ ਭਾਈਚਾਰੇ ਦੇ ਕੁੱਝ ਲੋਕਾਂ ਦਾ ਇਕੱਠ ਕਰ ਕੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਨਸ਼ਿਆਂ ਤੇ ‘ਗਰੂਮਿੰਗ’ (grooming) ਦੇ ਖਦਸ਼ੇ ਵੀ ਜਤਾਏ ਗਏ। ਬੱਚੀ ਦੀ ਮਾਸੀ ਮਨਵੀਰ ਕੌਰ ਮੁਤਾਬਕ, Victoria Police ਨੇ ਪਰਿਵਾਰ ਨੂੰ ਦੱਸਿਆ ਸੀ ਕਿ ਬੱਚੀ ਸੁਰੱਖਿਅਤ ਹੈ ਪਰ ਉਹ ਫਿਲਹਾਲ ਘਰ ਵਾਪਸ ਨਹੀਂ ਆਉਣਾ ਚਾਹੁੰਦੀ। ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਦੀ ਬੱਚੀ ਬਾਲਗ ਨਹੀਂ ਹੈ ਅਤੇ ਸਕੂਲ ਨੂੰ ਉਸ ਨੂੰ ਉਨ੍ਹਾਂ ਕੋਲ ਸੌਂਪਣਾ ਚਾਹੀਦਾ ਸੀ।

ਦੂਜੇ ਪਾਸੇ, Sea7 Australia ਵੱਲੋਂ ਜ਼ਮੀਨੀ ਪੱਧਰ ਦੀ ਜਾਂਚ ਦੌਰਾਨ ਇਹ ਮਾਮਲਾ ਲਾਪਤਾ ਹੋਣ ਜਾਂ ਕਿਸੇ ਗਰੂਮਿੰਗ ਗੈਂਗ ਦਾ ਨਹੀਂ, ਸਗੋਂ ਪਰਿਵਾਰਕ ਤੇ ਸਕੂਲ ਪੱਧਰ ਦੇ ਪੁਰਾਣੇ ਮਸਲਿਆਂ ਅਤੇ Child Protection ਨਿਯਮਾਂ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ। ਪਿਛਲੇ ਇੱਕ-ਦੋ ਸਾਲਾਂ ਤੋਂ ਚੱਲ ਰਹੇ ਪਰਿਵਾਰਕ ਤਣਾਅ ਅਤੇ ਸੁਰੱਖਿਆ ਕਾਰਨਾਂ ਕਰਕੇ ਸਕੂਲ ਨੇ ਨਿਯਮਾਂ ਅਨੁਸਾਰ ਮਾਮਲਾ Child Protection ਅਤੇ Foster Care ਦੇ ਹਵਾਲੇ ਕੀਤਾ ਸੀ। 27 ਅਕਤੂਬਰ ਨੂੰ ਸਕੂਲ ਦੇ ਬਾਹਰ ਹੋਏ ਪ੍ਰਦਰਸ਼ਨ ਤੋਂ ਬਾਅਦ ਮਾਹਰਾਂ ਨੇ ਵੀ ਮਾਇਗਰੈਂਟ ਮਾਪਿਆਂ ਨੂੰ Australia ਦੇ ਕਾਨੂੰਨੀ ਢਾਂਚੇ ਨੂੰ ਸਮਝਣ ਅਤੇ ਬੱਚਿਆਂ ਨਾਲ ਬਿਹਤਰ ਤਾਲਮੇਲ ਬਣਾਉਣ ਦੀ ਸਲਾਹ ਦਿੱਤੀ।

ਹੁਣ 29 ਅਕਤੂਬਰ ਨੂੰ Craigieburn ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਨੇ 28 ਅਕਤੂਬਰ ਨੂੰ ਕ੍ਰਿਸ਼ਲੀਨ ਕੌਰ ਨਾਲ ਮੁਲਾਕਾਤ ਕੀਤੀ ਹੈ। ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਿਸੇ Foster Care ਦੀ ਬਜਾਏ ਇੱਕ ਗੁਰਸਿੱਖ ਪਰਿਵਾਰ ਕੋਲ ਰਹਿ ਰਹੀ ਹੈ। ਗੁਰਦੁਆਰਾ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਬੱਚੀ ਦੀ ਨਿੱਜਤਾ ਨੂੰ ਧਿਆਨ ’ਚ ਰੱਖਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟਰ ਸਾਂਝੇ ਕਰਨ, ਬੇਬੁਨਿਆਦ ਅਫ਼ਵਾਹਾਂ ਫੈਲਾਉਣ ਅਤੇ ਹੋਰ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੇ।

Melbourne

ਇਸ ਤੋਂ ਬਾਅਦ ਕ੍ਰਿਸ਼ਲੀਨ ਦੀ ਮਾਸੀ ਮਨਵੀਰ ਕੌਰ ਨੇ ਚਿੰਤਾ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, “ਸਾਨੂੰ ਦੱਸਿਆ ਗਿਆ ਸੀ ਕਿ ਉਹ ਇੱਕ ਸਿੱਖ ਪਰਿਵਾਰ ਕੋਲ ਸੀ। ਇਸ ਬਾਰੇ ਪੁਸ਼ਟੀ ਕਰਨ ਲਈ ਸਾਡੇ ਨਾਲ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ!” ਉਸ ਨੇ ਕਿਹਾ ਕਿ ਪਰਿਵਾਰ ਨੂੰ ਅਧਿਕਾਰੀਆਂ ਵੱਲੋਂ ਇੱਕ ਵੱਖਰਾ ਪਤਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਮੰਨਣਾ ਸੀ ਕਿ ਸਿਰਫ਼ ਇੱਕ ਖਾਸ ਗਰੁੱਪ ਨੂੰ ਹੀ ਪਤਾ ਸੀ ਕਿ ਕ੍ਰਿਸ਼ਲੀਨ ਕਿੱਥੇ ਰਹਿ ਰਹੀ ਸੀ।

ਹਾਲਾਂਕਿ ਬਾਅਦ ’ਚ ਉਨ੍ਹਾਂ ਵੀ ਕ੍ਰਿਸ਼ਲੀਨ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕਰ ਦਿੱਤੀ ਅਤੇ ਅਗਲੀ ਪੋਸਟ ’ਚ ਲਿਖਿਆ, ‘‘ਕ੍ਰਿਸ਼ਲੀਨ ਕੌਰ ਦੀ ਭਾਲ ਬੰਦ ਕਰੋ। ਮੈਂ ਸੋਸ਼ਲ ਮੀਡੀਆ ਅਤੇ ਮੀਡੀਆ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਸ ਨਾਲ ਸੰਬੰਧਿਤ ਗੁੰਮਸ਼ੁਦਾ ਹੋਣ ਵਾਲੀਆਂ ਸਾਰੀਆਂ ਪੋਸਟਾਂ ਅਤੇ ਤਸਵੀਰਾਂ ਹਟਾ ਦਿੱਤੀਆਂ ਜਾਣ। ਜਿਵੇਂ ਕਿ ਅਸੀਂ ਕੱਲ੍ਹ ਕਿਹਾ ਸੀ, ਉਹ ਮਿਲ ਚੁੱਕੀ ਹੈ, ਸੁਰੱਖਿਅਤ ਹੈ ਅਤੇ ਕਿਸੇ ਪਰਿਵਾਰ ਦੇ ਕੋਲ ਹੈ, ਸਾਡੇ ਕੋਲ ਨਹੀਂ। ਸਿਆਸੀ ਮਾਮਲਿਆਂ ਅਤੇ ਸਿੱਖ ਭਾਈਚਾਰੇ ਦੇ ਕੁਝ ਵਿਅਕਤੀਆਂ ਦੀ ਭੂਮਿਕਾ ਨਾਲ ਸੰਬੰਧਿਤ ਹੋਰ ਮੁੱਦਿਆਂ ਬਾਰੇ ਅਸੀਂ ਅੱਗੇ ਚਰਚਾ ਕਰਾਂਗੇ। ਮੈਂ ਪਹਿਲਾਂ ਹੀ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰ ਚੁੱਕੀ ਹਾਂ ਅਤੇ ਪੁਸ਼ਟੀ ਕਰ ਸਕਦੀ ਹਾਂ ਕਿ ਕ੍ਰਿਸ਼ਲੀਨ ਸੁਰੱਖਿਅਤ ਹੈ, ਇਸ ਲਈ ਉਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।’’

Share This Article
Leave a Comment

Leave a Reply

Your email address will not be published. Required fields are marked *