- ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ
- ਸਿੱਧੀਆਂ ਅਤੇ ਸਪੱਸ਼ਟ ਐਪਲੀਕੇਸ਼ਨਜ਼ ਦਾ ਨਿਪਟਾਰਾ ਪੰਜ ਦਿਨਾਂ ਦੇ ਅੰਦਰ ਕਰਨ ਦਾ ਟੀਚਾ
- ਮੂਲ ਸੰਸਥਾ ’ਚ ਪਰਤਣ ਵਾਲੇ ਸਟੂਡੈਂਟ ਆਸਟ੍ਰੇਲੀਆ ’ਚ ਰਹਿ ਕੇ ਹੀ ਇੱਕ ਸਾਲ ਤੱਕ ਦਾ ਵੀਜ਼ਾ ਵਧਾਉਣ ਲਈ ਅਪਲਾਈ ਕਰ ਸਕਣਗੇ
- ਹਾਲਾਂਕਿ, ਸਟੂਡੈਂਟ ਵੀਜ਼ੇ ਦੀ ਕੰਮ ਜਾਂ ਪੱਕੇ ਹੋਣ ਲਈ ਦੁਰਵਰਤੋਂ ਰੋਕਣ ਦਾ ਇਰਾਦਾ ਕਮਜ਼ੋਰ ਨਹੀਂ ਹੋਵੇਗਾ
ਕੈਨਬਰਾ: ਆਸਟ੍ਰੇਲੀਅਨ ਸਰਕਾਰ ਨੇ ਆਪਣੀਆਂ ਹਾਲੀਆ ਵੀਜ਼ਾ ਨੀਤੀਆਂ ਕਾਰਨ ਪ੍ਰਭਾਵਿਤ ਹੋਏ ਇੰਟਰਨੈਸ਼ਨਲ ਸਟੂਡੈਂਟਸ ਨੂੰ Visa Rules ’ਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇੰਟਰਨੈਸ਼ਨਲ ਸਿੱਖਿਆ ਦੇ ਸਹਾਇਕ ਮੰਤਰੀ Julian Hill ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਟੂਡੈਂਟਸ ਨੂੰ ਆਪਣੀ ਡਿਗਰੀ ਪੂਰੀ ਕਰਨ ਲਈ ਦੇਸ਼ ਤੋਂ ਬਾਹਰ ਜਾ ਕੇ ਵੀਜ਼ਾ ਅਪਲਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ, ਉਨ੍ਹਾਂ ਦੀਆਂ ਐਪਲੀਕੇਸ਼ਨਜ਼ ਨੂੰ ਨਵੇਂ ‘ਟ੍ਰਾਈਏਜ’ (triage) ਸਿਸਟਮ ਤਹਿਤ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਸਿੱਧੀਆਂ ਅਤੇ ਸਪੱਸ਼ਟ ਐਪਲੀਕੇਸ਼ਨਜ਼ ਦਾ ਨਿਪਟਾਰਾ ਪੰਜ ਦਿਨਾਂ ਦੇ ਅੰਦਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਜੋ ਸਟੂਡੈਂਟ ਆਪਣੀ ਮੂਲ ਸੰਸਥਾ ’ਚ ਵਾਪਸ ਪਰਤਦੇ ਹਨ, ਉਹ ਆਸਟ੍ਰੇਲੀਆ ’ਚ ਰਹਿ ਕੇ ਹੀ ਇੱਕ ਸਾਲ ਤੱਕ ਦਾ ਵੀਜ਼ਾ ਵਧਾਉਣ ਲਈ ਅਪਲਾਈ ਕਰ ਸਕਣਗੇ।
Julian Hill ਅਨੁਸਾਰ, ਇੰਟਰਨੈਸ਼ਨਲ ਸਟੂਡੈਂਟਸਦੇ ਦਾਖਲੇ ’ਚ 18 ਫੀਸਦੀ ਗਿਰਾਵਟ ਆਉਣ ਕਾਰਨ ਇਸ ਸਾਲ ਜਨਤਕ ਯੂਨੀਵਰਸਿਟੀਆਂ ਨੂੰ ਲਗਭਗ 2 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸਾਊਥ ਏਸ਼ੀਆ ਤੋਂ ਆਉਣ ਵਾਲੀਆਂ ਵੀਜ਼ਾ ਅਰਜ਼ੀਆਂ ਦੇ ਵੱਡੀ ਗਿਣਤੀ ’ਚ ਰੱਦ ਹੋਣ ਕਾਰਨ ਸਰਕਾਰ ਹੁਣ ਸਟੂਡੈਂਟਸ ਦੀ ਵਿੱਤੀ ਸਮਰੱਥਾ ਅਤੇ ‘ਅਸਲ ਸਟੂਡੈਂਟ’ (genuine student) ਦੀ ਜਾਂਚ ਕਰਨ ਦੇ ਤਰੀਕਿਆਂ ’ਚ ਵੀ ਬਦਲਾਅ ਕਰਨ ਬਾਰੇ ਵਿਚਾਰ ਕਰ ਰਹੀ ਹੈ। International Education Association of Australia ਦੇ CEO Phil Honeywood ਨੇ ਵੀ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਸਮੇਂ ਸੱਭਿਆਚਾਰਕ ਪਹਿਲੂਆਂ ਨੂੰ ਧਿਆਨ ’ਚ ਰੱਖਣ ਦੀ ਅਪੀਲ ਕੀਤੀ ਹੈ।
Australian International Education Conference ਦੌਰਾਨ UNSW Sydney ਦੇ ਖੋਜਕਰਤਾ Shubh Barik, Kaplan Business School ਦੀ ਵਿਦਿਆਰਥਣ Melly Arias ਅਤੇ ਅੰਡਰਗ੍ਰੈਜੂਏਟ ਵਿਦਿਆਰਥੀ William Nguye ਨੇ ਵਾਰ-ਵਾਰ ਬਦਲਦੇ ਨਿਯਮਾਂ ਕਾਰਨ ਹੋ ਰਹੀ ਪ੍ਰੇਸ਼ਾਨੀ ਅਤੇ ਅਨਿਸ਼ਚਿਤਤਾ ਦਾ ਮੁੱਦਾ ਚੁੱਕਿਆ।
ਹਾਲਾਂਕਿ, Julian Hill ਨੇ ਸਪੱਸ਼ਟ ਕੀਤਾ ਕਿ ਸਟੂਡੈਂਟ ਵੀਜ਼ੇ ਦੀ ਕੰਮ ਜਾਂ ਪੱਕੇ ਹੋਣ ਲਈ ਦੁਰਵਰਤੋਂ ਰੋਕਣ ਦਾ ਇਰਾਦਾ ਕਮਜ਼ੋਰ ਨਹੀਂ ਹੋਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ’ਚ ਇੰਟਰਨੈਸ਼ਨਲ ਭਰਤੀ ਰੋਕਣ ਲਈ Education Services for Overseas Students Act ਦੀ ਧਾਰਾ 97 (Section 97) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
