ਮੈੱਲਬਰਨ : ਆਸਟ੍ਰੇਲੀਆ ’ਚ ਘਰਾਂ ਦੇ ਰੈਂਟ ਲਗਾਤਾਰ ਅਸਮਾਨ ਛੂਹ ਰਹੇ ਹਨ। ਮਈ ’ਚ ਫੈਡਰਲ ਬਜਟ ’ਚ ਕੀਤੇ ਗਏ ਬਦਲਾਵਾਂ ਤੋਂ ਬਾਅਦ ਹਫ਼ਤਾਵਾਰੀ ਰੈਂਟ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। realestate ਦੀ ਤਾਜ਼ਾ ਤਿਮਾਹੀ ਰਿਪੋਰਟ ਅਨੁਸਾਰ, ਸਤੰਬਰ ਤੱਕ ਦੇ ਤਿੰਨ ਮਹੀਨਿਆਂ ’ਚ ਰਾਸ਼ਟਰੀ ਪੱਧਰ ‘ਤੇ ਰੈਂਟ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਮਈ ’ਚ Treasury ਨੇ ਅੰਦਾਜ਼ਾ ਲਗਾਇਆ ਸੀ ਕਿ ਨੈਗੇਟਿਵ ਗਿਅਰਿੰਗ ਅਤੇ ਕੈਪੀਟਲ ਗੇਨ ਟੈਕਸ ਸੁਧਾਰਾਂ ਨਾਲ ਰੈਂਟ ’ਚ ਸਿਰਫ਼ 2 ਡਾਲਰ ਪ੍ਰਤੀ ਹਫ਼ਤੇ ਦਾ ਵਾਧਾ ਹੋਵੇਗਾ। ਪਰ ਅਸਲ ਅੰਕੜੇ ਇਸ ਤੋਂ ਬਿਲਕੁਲ ਉਲਟ ਹਨ। ਸਿਡਨੀ ਦੇ ਕਈ ਇਲਾਕਿਆਂ ’ਚ ਕਿਰਾਇਆ 200 ਡਾਲਰ ਪ੍ਰਤੀ ਹਫ਼ਤੇ ਤੱਕ ਵਧ ਗਿਆ ਹੈ, ਜਿਸ ਨਾਲ ਉੱਥੇ ਔਸਤ ਕਿਰਾਇਆ 800 ਡਾਲਰ ਪ੍ਰਤੀ ਹਫ਼ਤੇ ਤੱਕ ਪਹੁੰਚ ਗਿਆ ਹੈ। Greater Sydney ਦੇ ਲਗਭਗ 60 ਫੀਸਦੀ ਸਬਅਰਬਾਂ ’ਚ ਅਪਾਰਟਮੈਂਟਸ ਅਤੇ 55 ਫੀਸਦੀ ਹਿੱਸਿਆਂ ’ਚ ਘਰਾਂ ਦੇ ਕਿਰਾਏ ਸਰਕਾਰੀ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਵਧੇ ਹਨ।
ਕੁਈਨਜ਼ਲੈਂਡ ਦੇ 801 ਸਬਅਰਬਾਂ ’ਚ ਪਿਛਲੇ ਤਿੰਨ ਮਹੀਨਿਆਂ ਦੌਰਾਨ 170 ਡਾਲਰ ਪ੍ਰਤੀ ਹਫ਼ਤੇ ਤੱਕ ਦਾ ਵਾਧਾ ਹੋਇਆ ਹੈ, ਜਦਕਿ ਗ੍ਰੇਟਰ ਬ੍ਰਿਸਬੇਨ ਦਾ ਔਸਤ ਹਫ਼ਤਾਵਾਰੀ ਰੈਂਟ ਵਧ ਕੇ 680 ਡਾਲਰ ਹੋ ਗਿਆ ਹੈ। ਵਿਕਟੋਰੀਆ ਦੇ 116 ਸਬਅਰਬਾਂ ’ਚ ਘੱਟੋ-ਘੱਟ 50 ਡਾਲਰ ਪ੍ਰਤੀ ਹਫ਼ਤੇ ਅਤੇ ਸਾਊਥ ਆਸਟ੍ਰੇਲੀਆ ਦੇ Hawthorn ’ਚ ਰੈਂਟ ’ਚ 30.8 ਫੀਸਦੀ (650 ਡਾਲਰ ਤੋਂ 850 ਡਾਲਰ) ਦਾ ਭਾਰੀ ਉਛਾਲ ਆਇਆ ਹੈ।
ਸੀਨੀਅਰ ਆਰਥਿਕ ਵਿਸ਼ਲੇਸ਼ਕ Megan Lieu ਅਨੁਸਾਰ, ਨਵੇਂ ਘਰਾਂ ਦੀ ਸਪਲਾਈ ’ਚ ਵੱਡੇ ਵਾਧੇ ਤੋਂ ਬਿਨਾਂ ਰੈਂਟ ’ਚ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੁੱਖ ਅਰਥ ਸ਼ਾਸਤਰੀ Angus Moore ਨੇ ਦੱਸਿਆ ਕਿ ਵਧਦੇ ਕਿਰਾਏ ਕਾਰਨ ਕਿਰਾਏਦਾਰ ਪੁਰਾਣੇ ਘਰਾਂ ’ਚ ਹੀ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ, Everybody’s Home ਦੀ ਸੀਈਓ Maiy Azize ਨੇ ਚਿੰਤਾ ਪ੍ਰਗਟਾਈ ਕਿ 10 ਵਿੱਚੋਂ 4 ਪਰਿਵਾਰ 20 ਡਾਲਰ ਦਾ ਵਾਧਾ ਵੀ ਝੱਲਣ ਤੋਂ ਅਸਮਰੱਥ ਹਨ ਅਤੇ ਲੋਕਾਂ ਨੂੰ ਭੋਜਨ ਤੇ ਸਿਹਤ ਸਹੂਲਤਾਂ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ।
