ਮੈਲਬਰਨ: ਹਵਾਈ ਸਫ਼ਰ ਦੌਰਾਨ ਕਈ ਘਟਨਾਵਾਂ ਅਜਿਹੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਾਰਨ ਹਵਾਈ ਜਹਾਜ਼ ਨੂੰ ਵਾਪਸ ਮੋੜਨਾ ਪੈਂਦਾ ਹੈ। ਇਨ੍ਹਾਂ ਘਟਨਾਵਾਂ ਦੀ ਸੂਚੀ ’ਚ ਚੁਣ ਕੀੜੇ ਵੀ ਸ਼ਾਮਲ ਹੋ ਗਏ ਹਨ। ਦਰਅਸਲ ਐਮਸਟਰਡਮ ਤੋਂ ਅਮਰੀਕਾ ਦੇ ਡੈਟ੍ਰਾਇਟ ਜਾ ਰਹੀ ਡੈਲਟਾ ਏਅਰ ਲਾਈਨਜ਼ ਦੀ ਫਲਾਈਟ 133 ਨੂੰ ਉਸ ਸਮੇਂ ਵਾਪਸ ਮੋੜਨਾ ਪਿਆ ਜਦੋਂ ਇੱਕ ਔਰਤ ’ਤੇ ਕਈ ਚਿਪਚਿਪੇ ਕੀੜੇ ਡਿੱਗਣ ਲੱਗ ਪਏ। ਹਵਾਈ ਜਹਾਜ਼ ਨੂੰ ਰਸਤੇ ’ਚੋਂ ਹੀ ਐਮਸਟਰਡਮ ਦੇ ਸ਼ਿਫੋਲ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ।
ਹਵਾਈ ਜਹਾਜ਼ ’ਚ ਬੈਠੇ ਮੁਸਾਫ਼ਰਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਡਾਨ ’ਚ ਕਿਸੇ ਵਿਅਕਤੀ ਨੇ ਆਪਣੇ ਬੈਗ ’ਚ ਸੜੀਆਂ ਹੋਈਆਂ ਮੱਛੀਆਂ ਭਰੀਆਂ ਸਨ ਜਿਨ੍ਹਾਂ ’ਚੋਂ ਰਸਤੇ ’ਚ ਹੀ ਕੀੜੇ ਬਾਹਰ ਨਿਕਲਣ ਲੱਗੇ। ਮੁਸਾਫ਼ਰਾਂ ’ਤੇ ਸਾਮਾਨ ਰੱਖਣ ਵਾਲੀ ਥਾਂ ’ਤੇ ਪਏ ਬੈਗ ’ਚੋਂ ਨਿਕਲ ਕੇ ਕੀੜੇ ਔਰਤ ’ਤੇ ਡਿੱਗਣ ਲੱਗੇ। ਵਾਪਸ ਪਰਤਣ ’ਤੇ ਜਹਾਜ਼ ਨੂੰ ਸਾਫ ਕਰਨ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਡੈਲਟਾ ਏਅਰਲਾਈਨਜ਼ ਨੇ ਇਸ ਰੁਕਾਵਟ ਲਈ ਮੁਆਫੀ ਮੰਗੀ ਹੈ ਅਤੇ ਇਸ ਦਾ ਕਾਰਨ ਗਲਤ ਤਰੀਕੇ ਨਾਲ ਪੈਕ ਕੀਤੇ ਗਏ ਕੈਰੀ-ਆਨ ਬੈਗ ਨੂੰ ਦੱਸਿਆ ਹੈ।
ਏਅਰਲਾਈਨ ਕੋਲ ਖਰਾਬ ਹੋਣ ਵਾਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਜਹਾਜ਼ ‘ਤੇ ਲਿਆਉਣ ‘ਤੇ ਕੋਈ ਪਾਬੰਦੀ ਨਹੀਂ ਹੈ, ਬਸ਼ਰਤੇ ਕਿ ਮੰਜ਼ਿਲ ਦੇਸ਼ ਲਈ ਖੇਤੀਬਾੜੀ ਪਾਬੰਦੀਆਂ ਦੀ ਉਲੰਘਣਾ ਨਾ ਹੋਵੇ। ਘਟਨਾ ਲਈ ਏਅਰਲਾਈਨ ਨੇ ਮੁਆਫ਼ੀ ਮੰਗੀ ਅਤੇ ਮੁਸਾਫ਼ਰਾਂ ਨੂੰ ਅਗਲੀ ਉਪਲਬਧ ਉਡਾਣ ‘ਤੇ ਭੇਜਿਆ ਗਿਆ।