ਮੈਲਬਰਨ: ਪਿਛਲੇ ਦਿਨੀਂ ਆਸਟ੍ਰੇਲੀਆ ਨੇ ਇੱਕ ਹੋਰ ਵੱਡੀ ਕ੍ਰਿਕੇਟ ਟਰਾਫ਼ੀ ਜਿੱਤ ਕੇ ਕ੍ਰਿਕੇਟ ਦੀ ਦੁਨੀਆਂ ’ਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਦਖਣੀ ਅਫ਼ਰੀਕਾ ’ਚ ਹੋਏ ਮੁੰਡਿਆਂ ਦੇ ਅੰਡਰ-19 ਕ੍ਰਿਕੇਟ ਵਰਲਡ ਕੱਪ ਫ਼ਾਈਨਲ ਦਾ ਹੀਰੋ ਪੰਜਾਬੀ ਮੂਲ ਦਾ ਹਰਜਸ ਸਿੰਘ ਰਿਹਾ ਜਿਸ ਨੇ ਆਪਣੀ ਟੀਮ ਨੂੰ ਮੁਸ਼ਕਲ ਹਾਲਤ ’ਚੋਂ ਕੱਢ ਕੇ ਦਬਾਅ ਅਧੀਨ ਮਜ਼ਬੂਤ ਸਕੋਰ ਖੜ੍ਹਾ ਕਰਨ ’ਚ ਮੁੱਖ ਭੂਮਿਕਾ ਨਿਭਾਈ। ਫ਼ਾਈਨਲ ਮੈਚ ’ਚ ਹਰਜਸ ਸਿੰਘ ਨੇ ਸ਼ਾਨਦਾਰ ਅੱਧਾ ਸੈਂਕੜਾ ਜੜਿਆ ਅਤੇ ਪੂਰੇ ਮੈਚ ’ਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਖਿਡਾਰੀ ਵੀ ਰਿਹਾ। ਹਰਜਸ ਸਿੰਘ ਨੇ ਫ਼ਾਈਨਲ ਮੈਚ ’ਚ ਬਿਹਤਰੀਨ ਪਾਰੀ ਖੇਡਦਿਆਂ ਸਿਰਫ਼ 64 ਗੇਂਦਾਂ ’ਚ 55 ਦੌੜਾਂ ਬਣਾਈਆਂ, ਜਿਸ ’ਚ 3 ਚੌਕੇ ਅਤੇ 3 ਛੱਕੇ ਸ਼ਾਮਲ ਸਨ।
ਸਿਡਨੀ ’ਚ ਹੋਇਆ ਹਰਜਸ ਦਾ ਜਨਮ
6 ਫ਼ੁੱਟ 1 ਇੰਚ ਲੰਮੇ ਹਰਜਸ ਸਿੰਘ ਦਾ ਜਨਮ ਆਸਟ੍ਰੇਲੀਆ ’ਚ ਹੀ ਹੋਇਆ ਹੈ। ਉਸ ਦਾ ਜਨਮ ਸਿਡਨੀ ’ਚ ਸਾਲ 21 ਜਨਵਰੀ, 2005 ’ਚ ਹੋਇਆ। ਇਸ ਖਿਡਾਰੀ ਦਾ ਪੰਜਾਬ ਨਾਲ ਡੂੰਘਾ ਨਾਤਾ ਹੈ, ਕਿਉਂਕਿ ਉਸ ਦੇ ਪਿਤਾ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਹਰਜਸ ਦੇ ਪਿਤਾ ਇੰਦਰਜੀਤ ਸਿੰਘ ਟਰੈਵਲ ਇੰਡਸਟਰੀ ਨਾਲ ਜੁੜੇ ਹਨ। ਉਹ ਕੰਮ ਦੇ ਸਿਲਸਿਲੇ ’ਚ ਚੰਡੀਗੜ੍ਹ ਨੂੰ ਛੱਡ ਕੇ ਸਾਲ 2000 ’ਚ ਆਸਟ੍ਰੇਲੀਆ ਚਲੇ ਗਏ। ਆਸਟ੍ਰੇਲੀਆ ’ਚ ਹਰਜਸ ਦੇ ਪਿਤਾ ਟੈਕਸੀ ਚਲਾਉਂਦੇ ਸਨ। ਹਰਜਸ ਦੇ ਮਾਤਾ-ਪਿਤਾ ਦਾ ਵੀ ਖੇਡਾਂ ਨਾਲ ਨਾਤਾ ਰਿਹਾ ਹੈ। ਇੰਦਰਜੀਤ ਸਿੰਘ ਸਟੇਟ ਲੈਵਲ ਦੇ ਮੁੱਕੇਬਾਜ਼ ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੀ ਮਾਂ ਅਰਵਿੰਦਰ ਕੌਰ ਵੀ ਲੰਮੀ ਛਾਲ ਦੇ ਚੈਂਪੀਅਨ ਰਹੇ ਹਨ।
2013 ’ਚ ਸ਼ੁਰੂ ਕੀਤਾ ਕ੍ਰਿਕੇਟ ਦਾ ਸਫ਼ਰ
ਹਰਜਸ ਦੇ ਕ੍ਰਿਕੇਟ ਸਫ਼ਰ ਦੀ ਸ਼ੁਰੂਆਤ ਸਾਲ 2013 ’ਚ ਹੋਈ ਜਦੋਂ ਉਹ 8 ਸਾਲਾਂ ਦਾ ਸੀ। ਉਦੋਂ ਉਸ ਨੇ ਸਿਡਨੀ ’ਚ ਹੀ ਰੇਵੇਸਬੀ ਵਰਕਰਸ ਕ੍ਰਿਕੇਟ ਕਲੱਬ ਲਈ ਖੇਡਣਾ ਸ਼ੁਰੂ ਕੀਤਾ। ਹਰਜਸ ਨੇ ਇੱਕ ਇੰਟਰਵਿਊ ’ਚ ਦੱਸਿਆ ਸੀ ਕਿ ਉਹ 2015 ’ਚ ਆਪਣੀ 10 ਸਾਲ ਦੀ ਉਮਰ ’ਚ ਭਾਰਤ ਆਇਆ ਸੀ, ਚੰਡੀਗੜ੍ਹ ’ਚ ਉਸ ਦਾ ਘਰ ਬਣਿਆ ਹੋਇਆ ਹੈ। ਹਾਲਾਂਕਿ ਇਸ ਤੋਂ ਬਾਅਦ ਉਹ ਕ੍ਰਿਕੇਟ ਖੇਡਣ ’ਚ ਲੀਨ ਹੋ ਗਿਆ ਅਤੇ ਕਦੇ ਭਾਰਤ ਨਹੀਂ ਗਿਆ। ਹਰਜਸ ਲਗਾਤਾਰ ਕ੍ਰਿਕੇਟ ਖੇਡਦਾ ਰਿਹਾ ਅਤੇ ਮਿਹਨਤ ਨਾਲ ਅੱਗੇ ਵਧਦਾ ਰਿਹਾ। ਸਪਿੱਨ ਗੇਂਦਬਾਜ਼ਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਖੇਡਣ ਕਾਰਨ ਉਸ ਦੀ ਚੋਣ ਆਸਟ੍ਰੇਲੀਆ ਦੀ ਅੰਡਰ-19 ਟੀਮ ’ਚ ਹੋ ਗਈ। ਉਹ ਖੱਬੇ ਹੱਥ ਦੇ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੇ ਮੀਡੀਅਮ ਰਫ਼ਤਾਰ ਗੇਂਦਬਾਜ਼ ਵੀ ਹੈ। ਹਰਜਸ ਨੂੰ ਉਸ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਛੱਕੇ ਲਾਉਣ ਦੀ ਸਮਰਥਾ ਕਾਰਨ ਜਾਣਿਆ ਜਾਂਦਾ ਹੈ। ਹਰਜਸ ਸਿੰਘ ’ਚ ਹੁਨਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਅਤੇ ਉਹ ਉਸਮਾਨ ਖਵਾਜਾ ਨੂੰ ਆਪਣੀ ਪ੍ਰੇਰਨਾ ਦੱਸਦਾ ਹੈ।