ਮੈਲਬਰਨ : ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਤਿੰਨ ਪੰਜਾਬੀਆਂ ਦੇ ਲਾਪਤਾ ਹੋਣ ਦੀ ਜਾਂਚ ਕਰ ਰਿਹਾ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਲਾਪਤਾ ਹੋ ਗਏ ਸਨ। ਇਰਾਨ ਦੀ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਵੀ ਸ਼ਿਕਾਰ ਨਾ ਹੋਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।
ਨਵੀਂ ਦਿੱਲੀ ‘ਚ ਈਰਾਨੀ ਅੰਬੈਸੀ ਨੇ ਇਕ ਬਿਆਨ ‘ਚ ਕਿਹਾ ਕਿ ਤਿੰਨ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਇਸਲਾਮਿਕ ਗਣਰਾਜ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਕੌਂਸਲਰ ਮਾਮਲਿਆਂ ਦੇ ਵਿਭਾਗ ਵੱਲੋਂ ਸਬੰਧਤ ਨਿਆਂਇਕ ਅਧਿਕਾਰੀਆਂ ਨਾਲ ਤਾਲਮੇਲ ਨਾਲ ਕੀਤੀ ਜਾ ਰਹੀ ਹੈ। ਇਹ ਨੌਜਵਾਨ ਪਿਛਲੇ ਮਹੀਨੇ ਘਰੋਂ ਨਿਕਲੇ ਸਨ, ਜਿਨ੍ਹਾਂ ’ਚ ਹੁਸ਼ਿਆਰਪੁਰ ਦੇ ਪਿੰਡ ਭਾਗੋਵਾਲ ਦਾ ਅਮ੍ਰਿਤਪਾਲ, ਸੰਗਰੂਰ ਸਥਿਤ ਧੂਰੀ ਦੇ ਵਾਰਡ ਨੰਬਰ 21 ਦਾ ਹੁਸਨਪ੍ਰੀਤ ਅਤੇ ਨਵੇਂ ਸ਼ਹਿਰ ਰਹਿਣ ਵਾਲਾ ਜਸਪਾਲ ਸਿੰਘ ਸ਼ਾਮਲ ਹਨ।
ਤਹਿਰਾਨ ‘ਚ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਹ ਮਾਮਲਾ ਉਠਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਤੋਂ ਜਾਣਕਾਰੀ ਮਿਲੀ ਹੈ। ਲਾਪਤਾ ਵਿਅਕਤੀਆਂ ਵਿਚੋਂ ਇਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਅਤੇ ਫਿਰੌਤੀ ਲਈ ਹਿਰਾਸਤ ਵਿਚ ਰੱਖਿਆ ਗਿਆ। ਅੰਬੈਸੀ ਨੇ ਇਸ ਮਾਮਲੇ ਨੂੰ ਈਰਾਨੀ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਬੇਨਤੀ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਦੇ ਜਵਾਬ ‘ਚ ਈਰਾਨੀ ਦੂਤਘਰ ਨੇ ਕਿਹਾ ਕਿ ਤਹਿਰਾਨ ‘ਚ ਭਾਰਤੀ ਮਿਸ਼ਨ ਨੂੰ ਅਧਿਕਾਰਤ ਚੈਨਲਾਂ ਰਾਹੀਂ ਅਪਡੇਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਤਿੰਨਾਂ ਲਾਪਤਾ ਵਿਅਕਤੀਆਂ ਨੂੰ ਇਕ ਗੈਰ-ਕਾਨੂੰਨੀ ਟਰੈਵਲ ਏਜੰਟ ਨੇ ਆਸਟ੍ਰੇਲੀਆ ਵਿਚ ਵਰਕ ਪਰਮਿਟ ਦੇਣ ਦਾ ਵਾਅਦਾ ਕਰ ਕੇ ਧੋਖਾ ਦਿੱਤਾ ਸੀ। ਇਸ ਦੀ ਬਜਾਏ, ਏਜੰਟ ਨੇ ਉਨ੍ਹਾਂ ਨੂੰ ਬਦਨਾਮ “ਡੰਕੀ ਰਸਤੇ” ਰਾਹੀਂ ਈਰਾਨ ਰਾਹੀਂ ਭੇਜਿਆ, ਇੱਕ ਰਸਤਾ ਜੋ ਮਨੁੱਖੀ ਤਸਕਰਾਂ ਦੁਆਰਾ ਅਕਸਰ ਗੈਰਕਾਨੂੰਨੀ ਪ੍ਰਵਾਸ ਲਈ ਵਰਤਿਆ ਜਾਂਦਾ ਹੈ।