ਵੈਨਕੂਵਰ : ਕੈਨੇਡਾ ਦੇ ਸਰੀ ਸਥਿਤ ਮੈਮੋਰੀਅਲ ਹਸਪਤਾਲ ਦੇ ਜਣੇਪਾ ਵਾਰਡ ’ਚ ਸੇਵਾਵਾਂ ਨਿਭਾਉਂਦੀ ਸੰਦੀਪ ਕੌਰ ਥਿਆੜਾ ਬੱਸੀ ਸੱਤਮਾਹੇ ਬੱਚਿਆਂ ਨੂੰ ਆਪਣਾ ਦੁੱਧ ਪਿਲਾ ਕੇ ਨਵੀਂ ਜ਼ਿੰਦਗੀ ਦੇ ਰਹੀ ਹੈ। ਆਪਣੀ ਧੀ ਦੀ ਲੋੜ ਤੋਂ ਵਾਧੂ ਦੁੱਧ ਉਹ ਲੋੜਵੰਦ ਕਮਜ਼ੋਰ ਸਿਹਤ ਵਾਲੇ ਬੱਚਿਆਂ ਨੂੰ ਪਿਲਾ ਕੇ ਉਹ ਸੈਂਕੜੇ ਬੱਚਿਆਂ ਨੂੰ ਸਿਹਤਮੰਦ ਕਰ ਚੁੱਕੀ ਹੈ। ਆਪਣੇ ਪਤੀ ਨਾਲ ਡੈਲਟਾ ’ਚ ਰਹਿੰਦੀ ਸੰਦੀਪ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਜਦੋਂ ਉਹ ਆਪਣੀ ਬੇਟੀ ਨੂੰ ਦੁੱਧ ਚੁੰਘਾਉਂਦੀ ਸੀ ਤਾਂ ਉਸ ਦੀਆਂ ਅੱਖਾਂ ਮੂਹਰੇ ਉਨ੍ਹਾਂ ਕਮਜ਼ੋਰ ਬੱਚਿਆਂ ਦੇ ਮਾਸੂਮ ਚਿਹਰੇ ਘੁੰਮਣ ਲੱਗ ਪੈਂਦੇ, ਜੋ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਾਰਨ (ਸੱਤਮਾਹੇ) ਕਮਜ਼ੋਰ ਹੁੰਦੇ ਹਨ ਤੇ ਮਾਵਾਂ ਦੀਆਂ ਛਾਤੀਆਂ ’ਚੋਂ ਲੋੜੀਂਦਾ ਦੁੱਧ ਪੈਦਾ ਨਾ ਹੋਣ ਕਰਕੇ ਜ਼ਿੰਦਗੀ ਭਰ ਦੀ ਕਮਜ਼ੋਰੀ ਨਾਲ ਘੁਲਣ ਲਈ ਮਜਬੂਰ ਹੋ ਜਾਂਦੇ ਹਨ। ਉਸ ਨੇ ਦੱਸਿਆ ਕਿ ਲੰਘੇ ਸੱਤ ਮਹੀਨਿਆਂ ’ਚ ਉਹ 100 ਲਿਟਰ ਤੋਂ ਵੱਧ ਦੁੱਧ ਲੋੜਵੰਦ ਬੱਚਿਆਂ ਤੱਕ ਪਹੁੰਚਾ ਚੁੱਕੀ ਹੈ ਤੇ ਹੋਰ ਔਰਤਾਂ ਨੂੰ ਵੀ ਇਸ ਬਾਰੇ ਜਾਗਰੂਕ ਕਰ ਰਹੀ ਹੈ।
Source: Gurmalkiat Singh Kahlon, Journalist