ਮੈਲਬਰਨ : ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਫ਼ੌਜੀਆਂ ਨੂੰ ਲੰਬੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਮਨਪ੍ਰੀਤ ਸਿੰਘ, ਜੋ ਮਨੂ ਸਿੰਘ ਦੇ ਨਾਂ ਨਾਲ ਵੀ ਮਸ਼ਹੂਰ ਹਨ, ਇਨ੍ਹਾਂ ਅਣਗੌਲੇ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਆਸਟ੍ਰੇਲੀਆ ਤੋਂ ਪਰਤਣ ਮਗਰੋਂ, ਮਨੂ ਸਿੰਘ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਵਿੱਚ ਇੱਕ ਯਾਦਗਾਰ ਬਣਾਉਣ ਦੀ ਆਪਣੀ ਇੱਛਾ ਦਾ ਐਲਾਨ ਕੀਤਾ ਹੈ।
4 ਜੂਨ, 1915 ਨੂੰ 14ਵੀਂ ਸਿੱਖ ਰੈਜੀਮੈਂਟ ਨੂੰ ਵਿਨਾਸ਼ਕਾਰੀ ਨੁਕਸਾਨ ਝੱਲਣਾ ਪਿਆ, ਜਿਸ ਵਿੱਚ ਇੱਕੋ ਦਿਨ ਵਿੱਚ 379 ਜਵਾਨ ਮਾਰੇ ਗਏ- ਉਸੇ ਹਿੰਮਤ ਅਤੇ ਕੁਰਬਾਨੀ ਦਾ ਪ੍ਰਦਰਸ਼ਨ ਜੋ ANZAC ਭਾਵਨਾ ਨੂੰ ਪਰਿਭਾਸ਼ਿਤ ਕਰਦਾ ਹੈ।
ਇਸ ਸਾਂਝੇ ਫੌਜੀ ਇਤਿਹਾਸ ਨੂੰ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ANZAC ਦਿਵਸ ਸਮਾਰੋਹਾਂ ਵਿੱਚ ਸਵੀਕਾਰ ਕੀਤਾ ਗਿਆ ਸੀ, ਜਿਸ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ Barry O’Farrell, ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ Patrick John Rata, ਆਸਟ੍ਰੇਲੀਆਈ ਫੌਜ ਮੁਖੀ ਆਫ ਡਿਫੈਂਸ ਸਟਾਫ Damien Scully O’Shea ਅਤੇ Returned and Services League (RSL) ਦੇ ਨੁਮਾਇੰਦਿਆਂ ਸਮੇਤ ਪਤਵੰਤੇ ਸ਼ਾਮਲ ਹੋਏ ਸਨ। ਇਸ ਸਮਾਰੋਹ ਨੇ ANZAC ਵਿਰਾਸਤ ਵਿੱਚ ਬਹੁਰਾਸ਼ਟਰੀ ਯੋਗਦਾਨ ਦੀ ਵਧਦੀ ਮਾਨਤਾ ਨੂੰ ਦਰਸਾਇਆ।
ਪਿਛਲੇ ਚਾਰ ਸਾਲਾਂ ਤੋਂ, ਮਨੂ ਸਿੰਘ ਨੇ ਆਪਣੇ ਪੜਚਾਚੇ ਦੇ ਬ੍ਰਿਟਿਸ਼-ਇੰਡੀਅਨ ਆਰਮੀ ਮੈਡਲ ਪਹਿਨ ਕੇ ਅਤੇ RSL ਦੇ ਮੈਂਬਰ ਵਜੋਂ ਸਿੱਖ ਰੈਜੀਮੈਂਟ ਦੀ ਨੁਮਾਇੰਦਗੀ ਕਰਦਿਆਂ ਨਵੀਂ ਦਿੱਲੀ ਵਿੱਚ ANZAC ਦਿਵਸ ਪਰੇਡ ਵਿੱਚ ਮਾਣ ਨਾਲ ਹਿੱਸਾ ਲਿਆ ਹੈ। ਮਨੂ ਸਿੰਘ ਲਈ, ਇਹ ਸਿਰਫ ਇਤਿਹਾਸ ਬਾਰੇ ਨਹੀਂ ਹੈ, ਬਲਕਿ ਇੱਕ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਕਹਾਣੀ ਸਾਡੀ ਸਾਂਝੀ ਵਿਰਾਸਤ ਹੈ। ਭੁੱਲੋ ਨਾ ਜਾਇਓ।’’