ਬਠਿੰਡਾ : ਬੀਤੀ 16 ਅਤੇ 17 ਫ਼ਰਵਰੀ ਦੀ ਅੱਧੀ ਰਾਤ ਆਸਟ੍ਰੇਲੀਆ ਰਹਿੰਦੇ NRI ਜੋੜੇ ਨਾਲ ਹੋਈ ਲੁੱਟ ਦੀ ਘਟਨਾ ’ਚ ਇਕ ਅਹਿਮ ਅਤੇ ਨਵਾਂ ਮੋੜ ਆ ਗਿਆ ਹੈ। ਜੋੜੇ ਨਾਲ ਲੁੱਟ ਦੀ ਇਹ ਘਟਨਾ ਪੂਰੀ ਤਰ੍ਹਾਂ ਝੂਠੀ ਨਿਕਲੀ ਹੈ। ਹੁਣ ਜੈਤੋਂ ਨੇੜੇ ਕਈ ਤੋਲੇ ਸੋਨੇ ਦੀ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਗੁਮਰਾਹ ਕਰਨ ਵਾਲੇ ਇਸ ਜੋੜੇ ’ਤੇ ਹੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਅਮਨੀਤ ਕੌਂਡਲ ਨੇ ਕਿਹਾ ਕਿ NRI ਰਜਿੰਦਰ ਕੌਰ, ਜੋ ਕਿ ਐਡੀਲੇਡ ’ਚ ਨਰਸ ਹੈ ਅਤੇ ਉਸ ਦਾ ਪਤੀ ਸਾਹਿਲ ਸਿੰਘ, ਜੋ ਸਾਊਥ ਆਸਟ੍ਰੇਲੀਆ ’ਚ ਪ੍ਰਾਪਰਟੀ ਡੀਲਰ ਹੈ, ਚੱਕ ਬਖਤੂ ਪਿੰਡ ਨਾਲ ਸਬੰਧਤ ਹਨ। ਰਜਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਐਤਵਾਰ ਨੂੰ ਪਿੰਡ ਕੋਠੇ ਨੱਥਾ ਸਿੰਘ ਵਾਲਾ ’ਚ ਅਪਣੀ ਭੂਆ ਦੇ ਪੁਤਰ ਦੇ ਵਿਆਹ ’ਚ ਗਏ ਸਨ ਜਿੱਥੋਂ ਵਾਪਸ ਪਰਤਦਿਆਂ 7-8 ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਵਿਖਾ ਕੇ ਉਨ੍ਹਾਂ ਤੋਂ ਕਈ ਤੋਲੇ ਸੋਨਾ ਲੁੱਟ ਲਿਆ ਅਤੇ ਉਸ ਦੇ ਪਤੀ ਨਾਲ ਕੁੱਟਮਾਰ ਵੀ ਕੀਤੀ। ਉਸ ਨੇ ਪੁਲਿਸ ਨੂੰ ਨੌਜੁਆਨਾਂ ਦੀ ਕਾਰ ਦੀ ਵੀਡੀਓ ਵੀ ਬਣਾ ਕੇ ਸੌਂਪੀ ਸੀ, ਜਿਸ ਤੋਂ ਪੁਲਿਸ ਉਨ੍ਹਾਂ ਦੀ ਪਛਾਣ ਕਰਨ ’ਚ ਕਾਮਯਾਬ ਹੋਈ।
ਇਹ ਵੀ ਪੜ੍ਹੋ : ਪੰਜਾਬ ’ਚ ਵਿਆਹ ਤੋਂ ਪਰਤ ਰਹੀ ਆਸਟ੍ਰੇਲੀਆਈ NRI ਔਰਤ ਨਾਲ ਲੁੱਟ, 25 ਤੋਲਾ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ – Sea7 Australia
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਸਲ ’ਚ ਦੋਵੇਂ NRI ਪਤੀ-ਪਤਨੀ ਆਪਸ ’ਚ ਝਗੜ ਰਹੇ ਸਨ। ਉਨ੍ਹਾਂ ਦਾ ਝਗੜਾ ਵੇਖ ਕੇ ਆਰਟਿਗਾ ਕਾਰ ਸਵਾਰ ਕੁੱਝ ਨੌਜੁਆਨ, ਜੋ ਇੱਕ ਵਾਲੀਬਾਲ ਟੂਰਨਾਮੈਂਟ ਤੋਂ ਪਰਤ ਰਹੇ ਸਨ, ਮਦਦ ਲਈ ਰੁਕੇ। ਪਰ ਇਹ ਜੋੜਾ ਉਲਟਾ ਉਨ੍ਹਾਂ ਨਾਲ ਹੀ ਬਹਿਸ ਪਿਆ, ਜਿਸ ਕਾਰਨ ਨੌਜੁਆਨ ਉੱਥੋਂ ਚਲੇ ਗਏ। ਨੌਜੁਆਨਾਂ ਵੱਲੋਂ ਵੀ ਘਟਨਾ ਦੀ ਵੀਡੀਓ ਬਣਾਈ ਗਈ ਸੀ ਜੋ ਉਨ੍ਹਾਂ ਨੇ ਪੁਲਿਸ ਨੂੰ ਸੌਂਪੀ, ਜਿਸ ਤੋਂ ਅਸਲ ਗੱਲ ਪਤਾ ਲੱਗ ਸਕੀ। ਪੁਲਿਸ ਨੂੰ ਪਤਾ ਲੱਗਾ ਕਿ ਮਦਦ ਲਈ ਆਏ ਨੌਜੁਆਨਾਂ ਨੂੰ ਫਸਾਉਣ ਲਈ NRI ਪਤੀ-ਪਤਨੀ ਨੇ ਪੂਰੀ ਕਹਾਣੀ ਰਚੀ ਸੀ।
ਸਬੂਤ ਇਕੱਠੇ ਕਰਨ ਮਗਰੋਂ ਜਾਂਚਕਰਤਾਵਾਂ ਵੱਲੋਂ ਸਵਾਲ ਕਰਨ ’ਤੇ ਜੋੜਾ ਆਪਣੇ ਵੱਲੋਂ ਲਗਾਏ ਦੋਸ਼ਾਂ ਤੋਂ ਪਿੱਛੇ ਹਟ ਗਿਆ। ਔਰਤ ਦਾ ਹੁਣ ਕਹਿਣਾ ਹੈ ਕਿ ਉਸ ਨੇ ਘਟਨਾ ਸਮੇਂ ਕੋਈ ਗਹਿਣੇ ਨਹੀਂ ਪਹਿਨੇ ਸਨ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਯਾਦ ਨਹੀਂ ਹੈ, ਕਿਉਂਕਿ ਉਹ ਉਸ ਸਮੇਂ ਵਿਆਹ ਦੀ ਪਾਰਟੀ ਤੋਂ ਪਰਤ ਰਹੇ ਸਨ ਅਤੇ ਨਸ਼ੇ ’ਚ ਸਨ। ਪੁਲਿਸ ਨੇ ਦੋਹਾਂ ਵਿਰੁਧ ਝੂਠੀ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।