ਪੰਜਾਬ ’ਚ ਵਿਆਹ ਤੋਂ ਪਰਤ ਰਹੀ ਆਸਟ੍ਰੇਲੀਆਈ NRI ਔਰਤ ਨਾਲ ਲੁੱਟ, 25 ਤੋਲਾ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ

ਮੈਲਬਰਨ : ਆਸਟ੍ਰੇਲੀਆ ਵਾਸੀ ਰਜਿੰਦਰ ਕੌਰ ਨਾਲ ਪੰਜਾਬ ’ਚ ਵੱਡਾ ਕਾਂਡ ਹੋ ਗਿਆ। ਉਹ ਕੁੱਝ ਦਿਨ ਪਹਿਲਾਂ ਹੀ ਉਹ ਇੱਕ ਵਿਆਹ ’ਚ ਸ਼ਾਮਲ ਹੋਣ ਲਈ ਬਠਿੰਡਾ ਦੇ ਪਿੰਡ ਚੱਕ ਬਖਤੂ ਆਈ ਸੀ। ਆਪਣੇ ਪੂਰੇ ਪਰਿਵਾਰ ਨਾਲ ਐਤਵਾਰ ਰਾਤ ਉਹ ਆਪਣੇ ਭੂਆ ਦੇ ਪੁੱਤਰ ਦੇ ਵਿਆਹ ਸਮਾਗਮ ’ਚ ਸ਼ਾਮਲ ਹੋ ਕੇ ਜਦੋਂ ਰਾਤ ਸਮੇਂ ਪਰਤ ਰਹੀ ਸੀ ਤਾਂ ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਕੋਠੇ ਨੱਥਾ ਸਿੰਘਵਾਲਾ ’ਚ ਲੁਟੇਰੇ ਉਸ ਤੋਂ ਅਤੇ ਉਸ ਦੇ ਪਰਿਵਾਰ ਤੋਂ 25 ਤੋਲੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ।

ਪੁਲਿਸ ਮੁਤਾਬਕ, ਰਾਤ ਲਗਭਗ 11:30 ਵਜੇ, ਜਦੋਂ ਮਹਿਲਾ ਵਿਆਹ ਤੋਂ ਵਾਪਸ ਪਰਿਵਾਰ ਸਮੇਤ ਘਰ ਜਾ ਰਹੀ ਸੀ, ਤਾਂ ਅਚਾਨਕ ਗੱਡੀ ਵਿੱਚ ਬੈਠੇ ਬੱਚੇ ਨੂੰ ਉਲਟੀ ਆਉਣ ਲੱਗੀ। ਮਹਿਲਾ ਨੇ ਗੱਡੀ ਰੁਕਵਾਈ ਅਤੇ ਬੱਚੇ ਨੂੰ ਉਲਟੀ ਕਰਵਾਉਣ ਲਈ ਬਾਹਰ ਉਤਰੀ। ਇਸ ਦੌਰਾਨ ਪਿੱਛੋਂ ਇੱਕ ਐਰਟੀਗਾ ਕਾਰ ਆਈ, ਜਿਸ ਵਿੱਚੋਂ ਹਥਿਆਰਬੰਦ ਲੁਟੇਰੇ ਉਤਰੇ ਅਤੇ NRI ਮਹਿਲਾ ਤੇ ਉਸਦੇ ਪਰਿਵਾਰ ਤੋਂ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕਰਕੇ ਫਰਾਰ ਹੋ ਗਏ। ਗੋਨੀਆਣਾ ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਮਹਿਲਾ ਰਜਿੰਦਰ ਕੌਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੀ ਜਾਂਚ ਜਾਰੀ ਹੈ।