ਮੈਲਬਰਨ : ਆਰਥਿਕ ਤੌਰ ‘ਤੇ ਸੰਕਟ ‘ਚ ਘਿਰੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਵੀਜ਼ਾ-ਆਨ-ਅਰਾਇਵਲ ਵਿਸ਼ੇਸ਼ ਅਧਿਕਾਰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੇ ਆਸਟ੍ਰੇਲੀਆ ਸਮੇਤ ਇਨ੍ਹਾਂ 126 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਫੀਸ ਤੋਂ ਵੀ ਛੋਟ ਦੇ ਦਿੱਤੀ ਹੈ।
ਇਹ ਫੈਸਲਾ ਬੁੱਧਵਾਰ ਨੂੰ ਪਾਕਿਸਤਾਨ ਦੀ ਫ਼ੈਡਰਲ ਕੈਬਨਿਟ ਦੀ ਬੈਠਕ ਦੌਰਾਨ ਕੀਤਾ ਗਿਆ। ਮੰਤਰੀ ਮੰਡਲ ਨੇ ਵਿਸ਼ੇਸ਼ ਤੌਰ ‘ਤੇ ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ-ਆਨ-ਅਰਾਇਵਲ ਸਹੂਲਤਾਂ ਲਈ ਇਕ ਵੱਖਰੀ ਸਬ-ਕੈਟੇਗਰੀ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਕੀਤਾ ਗਿਆ ਕਿ ਆਨਲਾਈਨ ਵੀਜ਼ਾ ਪ੍ਰਣਾਲੀ ਦੀ ਨਿਗਰਾਨੀ ਲਈ ਗ੍ਰਹਿ ਮੰਤਰਾਲੇ ਵਿੱਚ ਇੱਕ ਡੈਸ਼ਬੋਰਡ ਪੇਸ਼ ਕੀਤਾ ਜਾਵੇਗਾ।