ਸਿੱਖਾਂ ਨੂੰ ਦਾੜ੍ਹੀ ਕਾਰਨ ਪੈਰਾਮੈਡਿਕ ਡਿਊਟੀ ਤੋਂ ਪਾਬੰਦੀਸ਼ੁਦਾ ਕਰਨ ਵਿਰੁਧ ਉੱਠੀ ਆਵਾਜ਼, ਜਾਣੋ, ਵਿਤਕਰੇਬਾਜ਼ੀ ਦੇ ਦੋਸ਼ ’ਤੇ ਵਿਕਟੋਰੀਆ ਸਰਕਾਰ ਨੇ ਕੀ ਦਿਤਾ ਜਵਾਬ

ਮੈਲਬਰਨ : ਵਿਕਟੋਰੀਆ ਵਿਚ ਸਖਤ ਫੇਸ ਮਾਸਕ ਨੀਤੀ ਕਾਰਨ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਸਮੇਤ ਧਾਰਮਿਕ ਦਾੜ੍ਹੀ ਵਾਲੇ ਮਰਦਾਂ ਦੇ ਪੈਰਾਮੈਡੀਕਲ ਵਜੋਂ ਕੰਮ ਕਰਨ ‘ਤੇ ਪਾਬੰਦੀ ਵਿਰੁਧ ਆਵਾਜ਼ ਤੇਜ਼ ਹੁੰਦੀ ਜਾ ਰਹੀ ਹੈ। ਇਸ ਨੀਤੀ ਤਹਿਤ ਸਟੇਟ ਅੰਦਰ ਮਾਸਕ ਫਿੱਟ ਟੈਸਟ ਪਾਸ ਕਰਨ ਲਈ ਪੈਰਾਮੈਡਿਕਸ ਨੂੰ ਚਿਹਰਾ ਸ਼ੇਵ ਕਰਨ ਦੀ ਲੋੜ ਹੁੰਦੀ ਹੈ। ਪਰ ਦਾੜ੍ਹੀ ਵਾਲੇ ਇਸ ਟੈਸਟ ’ਚ ਪਾਸ ਨਹੀਂ ਹੁੰਦੇ।

ਅਜਿਹਾ ਇਕ ਕੇਸ ਪੰਜਾਬੀ ਮੂਲ ਦੇ ਮਨਜੀਤ (ਨਾਮ ਬਦਲਿਆ) ਦਾ ਹੈ ਜੋ ਪੈਰਾਮੈਡੀਸਨ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਐਂਬੂਲੈਂਸ ਵਿਕਟੋਰੀਆ ’ਚ ਕੰਮ ਸ਼ੁਰੂ ਕਰਨ ਜਾ ਰਿਹਾ ਸੀ। ABC ਦੀ ਇੱਕ ਰਿਪੋਰਟ ਅਨੁਸਾਰ ਉਸ ਨੂੰ ਕਿਹਾ ਗਿਆ ਕਿ ਜਦੋਂ ਤਕ ਉਹ ਦਾੜ੍ਹੀ ਸ਼ੇਵ ਨਹੀਂ ਕਰਦਾ ਉਸ ਨੂੰ ਕਿਤੇ ਪਲੇਸਮੈਂਟ ਨਹੀਂ ਮਿਲੇਗੀ ਅਤੇ ਉਸ ਦੀ ਡਿਗਰੀ ਵੀ ਰੁਕ ਜਾਵੇਗੀ। ਹਾਲਾਂਕਿ ਉਸ ਦਾ ਇਹ ਇਕਲੌਤਾ ਕੇਸ ਨਹੀਂ ਹੈ। ਵਿਕਟੋਰੀਅਨ ਐਂਬੂਲੈਂਸ ਯੂਨੀਅਨ ਅਨੁਸਾਰ ਉਸ ਕੋਲ ਯਹੂਦੀ ਧਰਮ ਦੇ ਕਈ ਲੋਕਾਂ ਦੇ ਵੀ ਅਜਿਹੇ ਕੇਸ ਹਨ ਜਿਸ ’ਚ ਉਨ੍ਹਾਂ ਨੇ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਹੈ।

ਹਾਲਾਂਕਿ, ਦੂਜੇ ਸਟੇਟ ਅਤੇ ਦੇਸ਼ਾਂ ਵਿੱਚ ਸਿੰਘ ਠੱਠਾ ਮਾਸਕ ਵਰਗੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਦਾੜ੍ਹੀ ਸਮੇਤ ਕੲੀ ਪੈਰਾਮੈਡਿਕਸ ਕੰਮ ਕਰ ਰਹੇ ਹਨ, ਪਰ ਵਿਕਟੋਰੀਆ ਸਰਕਾਰ ਅਤੇ ਐਂਬੂਲੈਂਸ ਵਿਕਟੋਰੀਆ ’ਤੇ ਇਨ੍ਹਾਂ ਵਿਕਲਪਕ ਤਰੀਕਿਆਂ ਨੂੰ ਨਾ ਅਪਣਾਉਣ ਕਾਰਨ ਵਿਤਕਰੇਬਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੈਰਾਮੈਡੀਕਲ ਵਿਦਿਆਰਥੀਆਂ ਅਤੇ ਭਾਈਚਾਰੇ ਦੇ ਆਗੂਆਂ ਨੇ ਹੋਰ ਸਟੇਟਾਂ ਅਤੇ ਦੇਸ਼ਾਂ ਵਿੱਚ ਸਿੰਘ ਠੱਠਾ ਤਕਨੀਕ ਦੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਨੀਤੀ ਦੇ ਵਿਰੁੱਧ ਆਵਾਜ਼ ਉਠਾਈ ਹੈ। ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਸਕੱਤਰ ਹਰਮੀਕ ਸਿੰਘ ਨੇ ਕਿਹਾ, ‘‘ਦਾੜ੍ਹੀ ਸਿੱਖ ਧਰਮ ਦਾ ਹਿੱਸਾ ਹੈ। ਸਾਨੂੰ ਲੱਗ ਰਿਹਾ ਹੈ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ।’’ ਜਦਕਿ ਵਿਕਟੋਰੀਆ ਸਰਕਾਰ ਨੇ ਕਿਹਾ ਹੈ ਕਿ ਉਹ ਨੀਤੀ ’ਤੇ ਮੁੜ ਵਿਚਾਰ ਕਰਨ ਤੋਂ ਪਹਿਲਾਂ ਸਿੰਘ ਠੱਠਾ ਤਕਨੀਕ ’ਤੇ ਪਰਖ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ।