ਸਰੀ: ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ (ਸਰੀ-ਡੈਲਟਾ) ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇ, ਜਿਨ੍ਹਾਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਖ਼ਤਰਾ ਹੈ। ਇਹ ਮੰਗ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਅਮਰੀਕੀ ਜਾਂਚ ਏਜੰਸੀ FBI ਅਤੇ ਨਿਆਂ ਵਿਭਾਗ ਵੱਲੋਂ ਕੀਤੇ ਗਏ ਤਾਜ਼ਾ ਖੁਲਾਸਿਆਂ ਤੋਂ ਬਾਅਦ ਸਾਹਮਣੇ ਆਈ ਹੈ। ਇਸ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਹੀ ਨਿੱਝਰ ਦਾ ਕਤਲ ਕੀਤਾ ਗਿਆ ਸੀ।
ਅਮਰੀਕੀ ਨਿਆਂ ਵਿਭਾਗ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਇੰਡੀਅਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ’ਤੇ ਨਿੱਝਰ ਦੇ ਕਤਲ ਦੇ ਹੁਕਮ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ, ਇੰਡੀਅਨ ਨਾਗਰਿਕ ਕਰਮਪ੍ਰੀਤ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਪਹਿਲਾਂ ਹੀ ਕੈਨੇਡਾ ਵਿੱਚ ਫਸਟ-ਡਿਗਰੀ ਮਰਡਰ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਹਨ।
ਗੁਰਦੁਆਰਾ ਸੁਸਾਇਟੀ ਨੇ ਸਰਕਾਰ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਹਨ। ਜਿਨ੍ਹਾਂ ’ਚ ਕੈਨੇਡਾ ਸਰਕਾਰ ਵੱਲੋਂ ਇੰਡੀਅਨ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਦਮਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਜਨਤਕ ਕਰਨ, ਨਿੱਝਰ ਦੇ ਕਤਲ ਅਤੇ ਹੋਰ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਸੁਤੰਤਰ ਜਨਤਕ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਗਈ ਹੈ।
ਸੁਸਾਇਟੀ ਨੇ ਯਾਦ ਦਿਵਾਇਆ ਕਿ 18 ਜੂਨ 2023 ਨੂੰ ਹੋਏ ਕਤਲ ਤੋਂ ਪਹਿਲਾਂ RCMP ਨੇ ਨਿੱਝਰ ਨੂੰ ਕਈ ਵਾਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ Duty to Warn ਨੋਟਿਸ ਦਿੱਤੇ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੰਸਦ ਵਿੱਚ ਕਿਹਾ ਸੀ ਕਿ ਇਸ ਕਤਲ ਦੇ ਤਾਰ ਇੰਡੀਅਨ ਸਰਕਾਰ ਦੇ ਏਜੰਟਾਂ ਨਾਲ ਜੁੜੇ ਹੋਣ ਦੇ ਪੁਖ਼ਤਾ ਇਲਜ਼ਾਮ ਹਨ, ਜਿਸ ਤੋਂ ਬਾਅਦ ਛੇ ਇੰਡੀਅਨ ਡਿਪਲੋਮੈਟਾਂ ਨੂੰ ਕੈਨੇਡਾ ਵਿੱਚੋਂ ਕੱਢ ਦਿੱਤਾ ਗਿਆ ਸੀ।
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦੇ ਨਾਕਾਮ ਹੋਣ ਅਤੇ ਕੈਨੇਡਾ ਵਿੱਚ ਸਿੱਖ ਕਾਰਕੁਨਾਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਸਾਬਤ ਕਰਦੀਆਂ ਹਨ ਕਿ ਇਹ ਖ਼ਤਰਾ ਕਿਸੇ ਇੱਕ ਵਿਅਕਤੀ ਤੱਕ ਸੀਮਤ ਨਹੀਂ ਹੈ। ਸੁਸਾਇਟੀ ਨੇ ਸਾਫ਼ ਕੀਤਾ ਕਿ ਦੇਸ਼ ਦੀ ਪ੍ਰਭੂਸੱਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਨਾਲ ਕੋਈ ਵੀ ਸਿਆਸੀ ਜਾਂ ਆਰਥਿਕ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
ਆਪ੍ਰੇਸ਼ਨ ਹਾਰਡ ਬਾਲ
ਜ਼ਿਕਰਯੋਗ ਹੈ ਕਿ FBI ਨੇ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ’ਚ ਅਮਰੀਕਾ, ਕੈਨੇਡਾ ਅਤੇ ਯੂਰਪ ਭਰ ਵਿੱਚ ਚੌਵੀ ਵਿਅਕਤੀਆਂ ਨੂੰ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਨਿਆਂ ਵਿਭਾਗ (DOJ) ਦੇ ਅਨੁਸਾਰ, ਅਧਿਕਾਰੀਆਂ ਨੇ ਸਾਲਾਂ ਤੋਂ ਚੱਲੀ ਆ ਰਹੀ ਜਾਂਚ ਦੇ ਹਿੱਸੇ ਵਜੋਂ ਕੈਲੀਫੋਰਨੀਆ, ਇੰਡੀਆਨਾ, ਜਾਰਜੀਆ, ਕੈਨੇਡਾ ਅਤੇ ਸਪੇਨ ਵਿੱਚ 50 ਤੋਂ ਵੱਧ ਸਰਚ ਵਾਰੰਟ ਲਾਗੂ ਕੀਤੇ ਅਤੇ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।
ਇਸ ਤਾਲਮੇਲ ਵਾਲੀ ਕਾਰਵਾਈ ਦਾ ਐਲਾਨ ਕਰਦੇ ਹੋਏ, DOJ ਨੇ ਕਿਹਾ ਕਿ ਇੰਡੀਆ ਵਿੱਚ ਸਥਿਤ ਤਿੰਨ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ ਮਾਮਲਿਆਂ ਵਿੱਚ 37 ਵਿਅਕਤੀਆਂ ’ਤੇ ਤਿੰਨ ਵੱਖ-ਵੱਖ ਫ਼ੈਡਰਲ ਦੋਸ਼ਾਂ ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ 10 ਅਜੇ ਵੀ ਫਰਾਰ ਹਨ। FBI ਨੇ ਸਤਿੰਦਰਜੀਤ ਸਿੰਘ, ਜੋ ਕਿ ਗੋਲਡੀ ਬਰਾੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ ਤੱਕ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।
ਤਿੰਨ ਫ਼ੈਡਰਲ ਦੋਸ਼ਾਂ ਵਿੱਚੋਂ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ। ਅਮਰੀਕੀ ਵਕੀਲਾਂ ਦਾ ਦੋਸ਼ ਹੈ ਕਿ ਉਹ ਇੱਕ ਇੰਡੀਅਨ ਜੇਲ੍ਹ ਤੋਂ ਇੱਕ ਗਲੋਬਲ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ। ਚਾਰਜਸ਼ੀਟ ਦੇ ਅਨੁਸਾਰ, ਬਿਸ਼ਨੋਈ ਨੇ ਕਈ ਦੇਸ਼ਾਂ ਵਿੱਚ ਕਥਿਤ ਰਾਜਨੀਤਿਕ ਕਤਲਾਂ, ਜਬਰੀ ਵਸੂਲੀ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗੈਰ-ਕਾਨੂੰਨੀ ਮੋਬਾਈਲ ਫੋਨ ਅਤੇ ਇੰਟਰਨੈੱਟ-ਅਧਾਰਤ ਸੰਚਾਰ ਯੰਤਰਾਂ ਦੀ ਵਰਤੋਂ ਕੀਤੀ।
ਸਰਕਾਰੀ ਵਕੀਲਾਂ ਨੇ ਉਸ ਦੇ ਮੁੱਖ ਸਾਥੀਆਂ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਨਾਮ ਵੀ ਲਏ ਹਨ। ਚਾਰਜਸ਼ੀਟ ਅਨੁਸਾਰ, ਦੋਹਾਂ ਨੇ ਇੰਡੀਆ ਤੋਂ ਬਾਹਰੋਂ ਗਿਰੋਹ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰਨ ਵਿੱਚ ਮਦਦ ਕੀਤੀ। ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਸੰਗਠਨ ਨੇ ਪੀੜਤਾਂ ਨੂੰ, ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਡਰਾਉਣ ਲਈ ਹਿੰਸਾ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਸੋਸ਼ਲ ਮੀਡੀਆ ਅਤੇ ਔਨਲਾਈਨ ਪੋਸਟਾਂ ਰਾਹੀਂ ਆਪਣੀ ਅਪਰਾਧਿਕ ਅਕਸ ਨੂੰ ਉਤਸ਼ਾਹਿਤ ਕੀਤਾ। ਇਹ ਦੋਸ਼ ਅਜੇ ਸਾਬਤ ਨਹੀਂ ਹੋਏ ਹਨ ਅਤੇ ਅਦਾਲਤ ਵਿੱਚ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਵੱਡੀ ਮੁਹਿੰਮ ਦੇ ਹਿੱਸੇ ਵਜੋਂ, ਜਾਂਚਕਰਤਾਵਾਂ ਨੇ ਦਰਜਨਾਂ ਸਰਚ ਵਾਰੰਟ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚੋਂ 23 ਸੈਕਰਾਮੈਂਟੋ ਖੇਤਰ ਵਿੱਚ ਅਤੇ 11 ਲਾਸ ਏਂਜਲਸ ਵਿੱਚ ਹਨ। DOJ ਅਨੁਸਾਰ, ਕਾਰਵਾਈ ਦੌਰਾਨ ਲਗਭਗ 1,000 ਕਿਲੋਗ੍ਰਾਮ ਕੋਕੀਨ, ਇੱਕ ਕਿਲੋਗ੍ਰਾਮ ਹੈਰੋਇਨ, 12 ਹਥਿਆਰ ਅਤੇ 40,000 ਡਾਲਰ ਨਕਦ ਜ਼ਬਤ ਕੀਤੇ ਗਏ ਸਨ।
ਗੈਂਗਸਟਰਾਂ ਦੇ ਚੁੰਗਲ ’ਚੋਂ ਨਿਕਲੇ ਕਾਰੋਬਾਰੀਆਂ ਨੇ ਲਿਆ ਸੁੱਖ ਦਾ ਸਾਹ
ਦੂਜੇ ਪਾਸੇ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ ‘ਆਪ੍ਰੇਸ਼ਨ ਹਾਰਡ ਬਾਲ’ ਨੇ ਵਿਸ਼ਵ ਭਰ ਵਿੱਚ ਵਾਹ-ਵਾਹ ਖੱਟੀ ਹੈ। ਇਸ ਮੁਹਿੰਮ ਕਾਰਨ ਪੀੜਤ ਕਾਰੋਬਾਰੀਆਂ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ। ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ਼ ਇੰਨਾ ਸੀ ਕਿ ਕਈਆਂ ਨੇ ਆਪਣੀ ਜਮ੍ਹਾਂ-ਪੂੰਜੀ ਲੁਟਾ ਦਿੱਤੀ ਅਤੇ ਕੁਝ ਤਾਂ ਕਾਰੋਬਾਰ ਛੱਡ ਕੇ ਵਾਪਸ ਮੁੜਨ ਲਈ ਮਜਬੂਰ ਹੋ ਗਏ ਸਨ। ਇੱਕ ਪੀੜਤ ਨੇ ਦੱਸਿਆ ਕਿ ਇਹ ਗੈਂਗਸਟਰ ਇਸ ਤਰ੍ਹਾਂ ਫਿਰੌਤੀ ਮੰਗਦੇ ਸਨ ਜਿਵੇਂ ਉਨ੍ਹਾਂ ਨਾਲ ਕੋਈ ਲਿਖਤੀ ਸਮਝੌਤਾ ਹੋਇਆ ਹੋਵੇ, ਜਦਕਿ ਇੱਕ ਹੋਰ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਖ਼ਾਤਰ ਆਪਣੀ ਸਾਰੀ ਕਮਾਈ ਇਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ ਸੀ।
ਇੱਕ ਕਾਰੋਬਾਰੀ ਨੇ ਕਿਹਾ, ‘‘ਪਹਿਲੀ ਕਾਲ ਤੋਂ ਬਾਅਦ ਹੀ ਉਹ ਸੌਦੇਬਾਜੀ ਕਰਨ ਲੱਗ ਪੈਂਦੇ ਸਨ, ਜਿਵੇ ਅਸੀਂ ਉਨ੍ਹਾਂ ਦੇ ਕਰਜ਼ਦਾਰ ਹੋਈਏ।’’ ਉਸ ਨੇ ਦੱਸਿਆ ਕਿ ਤੀਹ ਸਾਲ ਪਹਿਲਾਂ ਕੈਨੇਡਾ ਆ ਕੇ ਉਸ ਦੇ ਪਰਿਵਾਰ ਨੇ ਮਿਹਨਤ ਕਰਨ ਉਪਰੰਤ ਆਪਣੇ ਪੈਰ ਮਜਬੂਤ ਕੀਤੇ ਸੀ, ਪਰ ਇਨ੍ਹਾਂ ਬਦਮਾਸ਼ਾਂ ਤੋਂ ਡਰਦਿਆਂ ਉਨ੍ਹਾਂ ਵਾਪਸ ਪੰਜਾਬ ਜਾਣ ਦਾ ਮਨ ਬਣਾ ਕੇ ਜਾਇਦਾਦ ਵੇਚਣ ਦੀ ਸੋਚਣ ਰਹੇ ਸਨ।
ਬਠਿੰਡਾ ਤੋਂ ਆਏ ਇੱਕ ਕਾਰੋਬਾਰੀ ਨੇ ਆਖਿਆ ਕਿ ਆਪਣੀ ਤੇ ਪਰਿਵਾਰ ਦੀ ਜਾਨ ਬਚਾਉਣ ਲਈ ਉਸ ਨੇ ਬਦਮਾਸ਼ਾਂ ਨੂੰ ਪੈਸੇ ਦੇਣ ’ਚ ਭਲਾਈ ਸਮਝੀ। ਸੰਗਰੂਰ ਤੋਂ ਇਲੈਕਟਰੋਨਿਕ ਕਾਰੋਬਾਰ ਛੱਡ ਕੇ ਸਰ੍ਹੀ ਆਏ ਵਿਅਕਤੀ ਨੇ ਦੱਸਿਆ ਕਿ ਕਾਲ ਕਰਨ ਵਾਲੇ ਉਨ੍ਹਾਂ ਦੀ ਸਾਰੀ ਜਾਣਕਾਰੀ ਪਤਾ ਲੈਂਦੇ ਸਨ ਜਿਸ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਹਮੇਸ਼ਾ ਸਹਿਮ ਬਣਿਆ ਰਹਿੰਦਾ ਸੀ।
ਪੁਲੀਸ ਅਧਿਕਾਰੀਆਂ ਨੇ ਮੰਨਿਆ ਕਿ ਕਾਨੂੰਨੀ ਪੇਚੀਦਗੀਆਂ ਕਾਰਨ ਕਈ ਵਾਰ ਉਨ੍ਹਾਂ ਦੇ ਹੱਥ ਬੱਝੇ ਹੁੰਦੇ ਸਨ, ਪਰ ਇਸ ਸਾਂਝੇ ਆਪਰੇਸ਼ਨ ਨੇ ਬਦਮਾਸ਼ਾਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰੀ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਆਮ ਲੋਕਾਂ ਵਿੱਚ ਕਾਨੂੰਨ ਪ੍ਰਤੀ ਭਰੋਸਾ ਬਹਾਲ ਕੀਤਾ ਹੈ, ਸਗੋਂ ਕਈ ਵੱਡੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਇੰਡੀਆ ਅਤੇ ਕੈਨੇਡਾ ਦਰਮਿਆਨ ਪੈਦਾ ਹੋਈ ਕੁੜੱਤਣ ਦੂਰ ਹੋਵੇਗੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਵਿੱਚ ਸੁਧਾਰ ਲਈ ਰਾਹ ਮੋਕਲੇ ਹੋਣਗੇ।
