ਮੈਲਬਰਨ : ਇਰਾਨ ਜੰਗ ਕਾਰਨ ਗਲੋਬਲ ਤੇਲ ਸਪਲਾਈ ’ਚ ਵੱਡੀ ਗੜਬੜੀ ਪੈਦਾ ਹੋ ਗਈ ਹੈ। The Times ਦੀ ਇੱਕ ਰਿਪੋਰਟ ਅਨੁਸਾਰ, ਚੀਨ, ਜੋ ਪਹਿਲਾਂ ਇਰਾਨ ਤੋਂ ਵੱਡੇ ਪੱਧਰ ’ਤੇ ਕੱਚਾ ਤੇਲ (crude oil) ਖਰੀਦਦਾ ਸੀ, ਹੁਣ ਆਪਣੀ ਜ਼ਰੂਰਤ ਪੂਰੀ ਕਰਨ ਲਈ ਰੂਸ ਵੱਲ ਮੁੜ ਗਿਆ ਹੈ। Kpler ਅਤੇ Reuters ਦੇ ਅੰਕੜਿਆਂ ਮੁਤਾਬਕ, ਚੀਨ ਨੇ ਯੂਰੋਪ ਦੇ ਬੰਦਰਗਾਹਾਂ ਤੋਂ ਰੂਸ ਦੇ ਤੇਲ ਦੀ ਖਰੀਦ ਬਹੁਤ ਤੇਜ਼ ਕਰ ਦਿੱਤੀ ਹੈ।
ਇਸ ਬਦਲਾਅ ਦਾ ਸਭ ਤੋਂ ਵੱਡਾ ਅਸਰ ਇੰਡੀਆ ’ਤੇ ਪਿਆ ਹੈ। ਪਹਿਲਾਂ ਜਿਹੜਾ ਰੂਸੀ ਤੇਲ ਇੰਡੀਆ ਦੀਆਂ ਰਿਫਾਇਨਰੀਆਂ ਨੂੰ ਮਿਲਦਾ ਸੀ, ਹੁਣ ਉਸ ਦਾ ਵੱਡਾ ਹਿੱਸਾ ਚੀਨ ਖਰੀਦ ਰਿਹਾ ਹੈ। ਨਤੀਜੇ ਵਜੋਂ, ਅਗਸਤ ਮਹੀਨੇ ’ਚ ਇੰਡੀਆ ਦੀ ਰੂਸ ਤੋਂ ਤੇਲ ਇੰਪੋਰਟ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਸਾਰੀ ਖੇਡ ਦਾ ਸਭ ਤੋਂ ਵੱਡਾ ਨੁਕਸਾਨ ਆਸਟ੍ਰੇਲੀਆ ਨੂੰ ਝੱਲਣਾ ਪੈ ਸਕਦਾ ਹੈ। ਇੰਡੀਆ ਏਸ਼ੀਆ ਦਾ ਇੱਕ ਪ੍ਰਮੁੱਖ ਰਿਫਾਈਨਰ ਹੈ, ਜੋ ਕੱਚੇ ਤੇਲ ਤੋਂ ਡੀਜ਼ਲ ਅਤੇ ਪੈਟਰੋਲ ਬਣਾ ਕੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਸਪਲਾਈ ਕਰਦਾ ਹੈ। ਆਸਟ੍ਰੇਲੀਆ ਕੋਲ ਆਪਣੀ ਰਿਫਾਈਨਿੰਗ ਸਮਰੱਥਾ ਬਹੁਤ ਘੱਟ ਹੈ ਅਤੇ ਉਹ ਆਪਣੇ ਫ਼ਿਊਲ ਲਈ ਇੰਡੀਆ ਵਰਗੇ ਏਸ਼ੀਆਈ ਬਾਜ਼ਾਰਾਂ ’ਤੇ ਨਿਰਭਰ ਕਰਦਾ ਹੈ।
ਜੇਕਰ ਇੰਡੀਆ ’ਚ ਕੱਚੇ ਤੇਲ ਦੀ ਘਾਟ ਕਾਰਨ ਰਿਫਾਈਨਡ ਈਂਧਨ ਦਾ ਉਤਪਾਦਨ ਡਿੱਗਦਾ ਹੈ, ਤਾਂ ਆਸਟ੍ਰੇਲੀਆ ਦੇ ਪੈਟਰੋਲ ਪੰਪਾਂ ’ਤੇ ਫ਼ਿਊਲ ਮਹਿੰਗਾ ਹੋ ਜਾਵੇਗਾ। ਇਸ ਦਾ ਅਸਰ ਸਤੰਬਰ ਮਹੀਨੇ ਤੋਂ ਵੇਖਣ ਨੂੰ ਮਿਲ ਸਕਦਾ ਹੈ। ਖਾਸ ਕਰਕੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਸਟ੍ਰੇਲੀਆ ’ਚ ਟਰਾਂਸਪੋਰਟ, ਖੇਤੀਬਾੜੀ ਅਤੇ ਰੋਜ਼ਾਨਾ ਲੋੜਾਂ ਦਾ ਸਮਾਨ ਵੀ ਮਹਿੰਗਾ ਹੋ ਜਾਵੇਗਾ, ਜਿਸ ਨਾਲ ਦੇਸ਼ ’ਚ ਮਹਿੰਗਾਈ ਵੱਧ ਸਕਦੀ ਹੈ।
