Melbourne ਦੀ ਹਾਊਸਿੰਗ ਮਾਰਕੀਟ ’ਚ ਸੁਧਾਰ ਦੇ ਸੰਕੇਤ, Australia ਦਾ ਸਭ ਤੋਂ ਕਿਫ਼ਾਇਤੀ ਵੱਡਾ ਸ਼ਹਿਰ ਬਣਿਆ

Sea7 Australia Team
4 Min Read

ਮੈੱਲਬਰਨ : Australia ਦੇ ਪ੍ਰਾਪਰਟੀ ਬਾਜ਼ਾਰ ’ਚ ਜਾਰੀ ਮੰਦੀ ਦੇ ਵਿਚਕਾਰ Melbourne ਦੀ ਹਾਊਸਿੰਗ ਮਾਰਕੀਟ ਮੁੜ ਲੀਹ ‘ਤੇ ਆਉਂਦੀ ਦਿਖਾਈ ਦੇ ਰਹੀ ਹੈ। ਹਾਲੀਆ ਹਫ਼ਤੇ ਦੇ ਅੰਤ ’ਚ Australia ਭਰ ’ਚ ਕੁੱਲ 1,669 ਘਰਾਂ ਦੀਆਂ auctions ਹੋਈਆਂ, ਜਿਨ੍ਹਾਂ ਵਿੱਚੋਂ ਸਿਰਫ਼ 41% ਹੀ ਸਫ਼ਲ ਰਹੀਆਂ ਅਤੇ 984 ਘਰ ਅਣਵਿਕੇ ਰਹਿ ਗਏ। ਹਾਲਾਂਕਿ, Melbourne ਨੇ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕਰਦਿਆਂ 474 ਨਿਲਾਮੀਆਂ ਵਿੱਚੋਂ 57% ਤੋਂ ਵੱਧ ਘਰ ਵੇਚੇ।

ਇਸ ਦੇ ਉਲਟ, ਦੇਸ਼ ਦੇ ਹੋਰ ਵੱਡੇ ਸ਼ਹਿਰਾਂ ’ਚ ਸਥਿਤੀ ਕਮਜ਼ੋਰ ਰਹੀ। Sydney ’ਚ 670 ਨਿਲਾਮੀਆਂ ਵਿੱਚੋਂ 37% ਤੋਂ ਵੀ ਘੱਟ ਘਰ ਵਿਕੇ, ਜਦਕਿ Brisbane ’ਚ 126 ਵਿੱਚੋਂ 25% ਤੋਂ ਘੱਟ ਅਤੇ Adelaide ’ਚ 87 ਵਿੱਚੋਂ 34.5% ਨਿਲਾਮੀਆਂ ਸਫ਼ਲ ਰਹੀਆਂ। Canberra ’ਚ 50 ਵਿੱਚੋਂ 27 ਘਰ ਵਿਕੇ।

News24 ਦੀ ਇੱਕ ਰਿਪੋਰਟ ਮੁਤਾਬਕ REA Group ਦੀ ਸੀਨੀਅਰ ਅਰਥਸ਼ਾਸਤਰੀ Eleanor Creagh ਅਨੁਸਾਰ, ਲਗਭਗ 6 ਤੋਂ 7 ਸਾਲਾਂ ਦੀ ਮੰਦੀ ਤੋਂ ਬਾਅਦ Melbourne ਹੁਣ Australia ਦਾ ਸਭ ਤੋਂ ਕਿਫ਼ਾਇਤੀ ਵੱਡਾ ਸ਼ਹਿਰ ਬਣ ਗਿਆ ਹੈ। ਇੱਥੇ ਘਰਾਂ ਦੀਆਂ ਕੀਮਤਾਂ 5 ਸਾਲ ਪਹਿਲਾਂ ਨਾਲੋਂ ਵੀ ਘੱਟ ਹਨ, ਜੋ ਖ਼ਰੀਦਦਾਰਾਂ ਨੂੰ ਮੁੜ ਬਾਜ਼ਾਰ ਵੱਲ ਖਿੱਚ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਦੇ ਮੁਕਾਬਲੇ ਨਿਲਾਮੀਆਂ ਦੀ ਗਿਣਤੀ ਅੱਧੀ ਰਹਿਣ ਕਾਰਨ ਵੀ ਵਿਕਰੀ ਦਰ ਬਿਹਤਰ ਦਿਖਾਈ ਦੇ ਰਹੀ ਹੈ।

Eleanor Creagh ਨੇ ਦੱਸਿਆ ਕਿ ਹੁਣ ਬਾਜ਼ਾਰ ਵਿਕਰੇਤਾਵਾਂ ਦੀ ਬਜਾਏ ਖ਼ਰੀਦਦਾਰਾਂ ਦੇ ਹੱਕ ’ਚ (buyer’s market) ਹੋ ਗਿਆ ਹੈ। Brisbane, Perth ਅਤੇ Adelaide ’ਚ ਵਿਕਰੀ ਲਈ ਘਰਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ 40% ਵਧ ਗਈ ਹੈ, ਜਦਕਿ ਖ਼ਰੀਦਦਾਰਾਂ ਦੀ ਪੁੱਛਗਿੱਛ ਅੱਧੀ ਰਹਿ ਗਈ ਹੈ।

ਭਵਿੱਖ ਬਾਰੇ ਅਨੁਮਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਗਲੇ 6 ਤੋਂ 9 ਮਹੀਨਿਆਂ ਤੱਕ ਹਾਊਸਿੰਗ ਮਾਰਕੀਟ ’ਚ ਕਮਜ਼ੋਰੀ ਬਣੀ ਰਹੇਗੀ। ਭਾਵੇਂ ਅਗਲੇ ਸਾਲ ਦੇ ਦੂਜੇ ਅੱਧ ’ਚ ਵਿਆਜ ਦਰਾਂ ਘਟਣ ਦੀ ਉਮੀਦ ਹੈ, ਪਰ ਉੱਚੀ ਉਧਾਰ ਲਾਗਤ ਅਤੇ ਟੈਕਸ ਨੀਤੀਆਂ ਕਾਰਨ ਬਾਜ਼ਾਰ ’ਚ ਵੱਡੀ ਤੇਜ਼ੀ ਦੀ ਬਜਾਏ ਹੌਲੀ ਸੁਧਾਰ ਦੇਖਣ ਨੂੰ ਮਿਲੇਗਾ।

ਆਕਸ਼ਨਜ਼ ਰਿਕਾਰਡ ਹੇਠਲੇ ਪੱਧਰ ’ਤੇ ਬਰਕਰਾਰ

ਸੁਧਾਰ ਦੇ ਸੰਕੇਤ ਦੇ ਬਾਵਜੂਦ Melbourne ਦਾ ਪ੍ਰਾਪਰਟੀ ਬਾਜ਼ਾਰ 2019 ਤੋਂ ਬਾਅਦ spring ਦੇ ਸਭ ਤੋਂ ਕਮਜ਼ੋਰ ਅੰਤ ਵੱਲ ਵਧ ਰਿਹਾ ਹੈ। realestate.com.au ਦੇ ਤਾਜ਼ਾ ਅੰਕੜਿਆਂ ਅਨੁਸਾਰ, ਆਉਣ ਵਾਲੇ ਵੀਕਐਂਡ ‘ਤੇ ਜਦੋਂ Victoria ’ਚ ਚੋਣਾਂ ਹੋਣ ਜਾ ਰਹੀਆਂ ਹਨ, ਸ਼ਹਿਰ ’ਚ ਸਿਰਫ਼ 568 auctions ਹੀ ਤੈਅ ਹਨ। ਇਹ ਨਵੰਬਰ ਦੇ ਅੰਤ ’ਚ ਹੁਣ ਤੱਕ ਦਾ ਸਭ ਤੋਂ ਹੇਠਲਾ ਰਿਕਾਰਡ ਪੱਧਰ ਹੈ।

ਪਿਛਲੇ ਸਾਲ ਇਸੇ ਸਮੇਂ ਦੌਰਾਨ ਲਗਭਗ 1,800 ਨੀਲਾਮੀਆਂ ਹੋਈਆਂ ਸਨ, ਜਿਸ ਦੇ ਮੁਕਾਬਲੇ ਇਸ ਵਾਰ 68 ਫ਼ੀਸਦੀ (1,300 ਤੋਂ ਵੱਧ) ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 2020 ਦੇ Covid ਮਹਾਂਮਾਰੀ ਵਾਲੇ ਸਾਲ (924 ਨੀਲਾਮੀਆਂ) ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬਸੰਤ ਰੁੱਤ ਦਾ ਅੰਤ 1,000 ਤੋਂ ਵੱਧ ਨੀਲਾਮੀਆਂ ਵਾਲੇ ‘Super Saturday’ ਤੋਂ ਬਿਨਾਂ ਹੋਵੇਗਾ।

ਹਾਲਾਂਕਿ, Ray White ਦੇ ਮੁੱਖ ਨੀਲਾਮੀਕਰਤਾ Luke Banitsiotis ਨੇ ਘਰ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਨੀਲਾਮੀ ਦੀ ਬਜਾਏ ਨਿੱਜੀ ਵਿਕਰੀ (private sale) ਚੁਣਨਾ ਗ਼ਲਤ ਫ਼ੈਸਲਾ ਹੋ ਸਕਦਾ ਹੈ। ਉਨ੍ਹਾਂ ਦੀ ਕੰਪਨੀ ਦੇ ਅੰਕੜਿਆਂ ਮੁਤਾਬਕ, 45 ਦਿਨਾਂ ’ਚ ਨੀਲਾਮੀ ਰਾਹੀਂ 67 ਫ਼ੀਸਦੀ ਘਰ ਵਿਕਦੇ ਹਨ, ਜਦਕਿ ਨਿੱਜੀ ਵਿਕਰੀ ’ਚ ਇਹ ਦਰ ਸਿਰਫ਼ 33 ਫ਼ੀਸਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਰੁਜ਼ਗਾਰ ਦੇ ਕਮਜ਼ੋਰ ਅੰਕੜਿਆਂ ਕਾਰਨ ਕੀਮਤਾਂ ਹੋਰ ਡਿੱਗ ਸਕਦੀਆਂ ਹਨ, ਇਸ ਲਈ ਵਿਕਰੀ ’ਚ ਦੇਰੀ ਮਹਿੰਗੀ ਪੈ ਸਕਦੀ ਹੈ। ਇਸ ਦੌਰਾਨ, 83 Glen Iris Rd, Glen Iris ($3.245m) ਅਤੇ 33 Lambeth Ave, Armadale ($2.3m) ਵੀਕਐਂਡ ਦੀਆਂ ਸਭ ਤੋਂ ਮਹਿੰਗੀਆਂ ਵਿਕਰੀਆਂ ਰਹੀਆਂ।

Share This Article
Leave a Comment

Leave a Reply

Your email address will not be published. Required fields are marked *