ਮੈੱਲਬਰਨ : Australia ਦੇ Property Market ’ਚ ਪਿਛਲੇ 40 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਨਵੇਂ ਘਰ ਖਰੀਦਣ ਵਾਲਿਆਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੀ ਹੈ। ਪ੍ਰਾਪਰਟੀ ਡਾਟਾ ਅਤੇ ਰਿਸਰਚ ਫਰਮ Cotality ਦੀ ਤਾਜ਼ਾ ਰਿਪੋਰਟ ਅਨੁਸਾਰ, ਵਧੇ ਵਿਆਜ ਰੇਟ ਨੇ ਸਸਤੇ ਹੁੰਦੇ ਘਰਾਂ ਦਾ ਫਾਇਦਾ ਲਗਭਗ ਖਤਮ ਕਰ ਦਿੱਤਾ ਹੈ।
ABC News ਦੀ ਇੱਕ ਰਿਪੋਰਟ ਮੁਤਾਬਕ, Australia ’ਚ ਔਸਤ ਆਮਦਨ ਵਾਲੇ ਪਰਿਵਾਰ ਨੂੰ ਘਰ ਦੀ ਕਿਸ਼ਤ (mortgage) ਭਰਨ ਲਈ ਆਪਣੀ ਟੈਕਸ ਤੋਂ ਪਹਿਲਾਂ ਦੀ ਕਮਾਈ ਦਾ 49.5 ਫੀਸਦੀ ਹਿੱਸਾ ਖਰਚਣਾ ਪੈ ਰਿਹਾ ਹੈ। ਮਾਹਿਰਾਂ ਅਨੁਸਾਰ, ਆਮਦਨ ਦਾ 30 ਫੀਸਦੀ ਤੋਂ ਵੱਧ ਹਿੱਸਾ ਕਿਸ਼ਤਾਂ ’ਚ ਜਾਣਾ ‘ਮੌਰਗੇਜ ਸਟ੍ਰੈੱਸ’ ਮੰਨਿਆ ਜਾਂਦਾ ਹੈ। Cotality ਦੇ ਵਿਸ਼ਲੇਸ਼ਣ ਮੁਤਾਬਕ, ਘਰਾਂ ਨੂੰ ਦੁਬਾਰਾ ਆਮ ਲੋਕਾਂ ਦੀ ਪਹੁੰਚ ’ਚ ਲਿਆਉਣ ਲਈ ਕੀਮਤਾਂ ’ਚ ਅਜੇ 345,000 ਡਾਲਰ ਦੀ ਹੋਰ ਕਮੀ ਆਉਣੀ ਜ਼ਰੂਰੀ ਹੈ।
Cotality ਦੇ ਰਿਸਰਚ ਮੁਖੀ Gerard Burg ਨੇ ਕਿਹਾ ਕਿ ਉੱਚੀਆਂ ਵਿਆਜ ਦਰਾਂ ਕਾਰਨ ਘਟਦੀਆਂ ਕੀਮਤਾਂ ਦਾ ਲਾਭ ਖਰੀਦਦਾਰਾਂ ਤੱਕ ਨਹੀਂ ਪਹੁੰਚ ਰਿਹਾ। ਇਸ ਦੌਰਾਨ, ਸਥਾਨਕ ਆਮਦਨ ਦੇ ਮੁਕਾਬਲੇ Adelaide ਹੁਣ Sydney ਨੂੰ ਪਛਾੜ ਕੇ Australia ਦਾ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਬਣ ਗਿਆ ਹੈ, ਜਿੱਥੇ ਘਰ ਦੀ ਔਸਤ ਕੀਮਤ (928,560 ਡਾਲਰ) ਸਥਾਨਕ ਆਮਦਨ ਨਾਲੋਂ 9.5 ਗੁਣਾ ਵੱਧ ਹੈ।
ਦੂਜੇ ਪਾਸੇ, ਪਿਛਲੇ ਪੰਜ ਸਾਲਾਂ ’ਚ ਕਿਰਾਏ 49.4 ਫੀਸਦੀ ਵਧ ਗਏ ਹਨ, ਜਿਸ ਕਾਰਨ ਲੋਕਾਂ ਲਈ ਬੱਚਤ ਕਰਨਾ ਔਖਾ ਹੋ ਗਿਆ ਹੈ। ਅੱਜ ਇੱਕ ਆਮ ਖਰੀਦਦਾਰ ਨੂੰ 20 ਫੀਸਦੀ ਡਿਪਾਜ਼ਿਟ ਜੋੜਨ ਲਈ ਔਸਤਨ 10.9 ਸਾਲ ਲੱਗ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ Reserve Bank ਦੀ 8 ਦਸੰਬਰ ਨੂੰ ਹੋਣ ਵਾਲੀ ਸਾਲ ਦੀ ਆਖਰੀ ਮੀਟਿੰਗ ‘ਤੇ ਟਿਕੀਆਂ ਹਨ, ਜਿੱਥੇ ਵਿਆਜ ਦਰਾਂ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ।
