ਮੈਲਬਰਨ : ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਪਲੰਪਟਨ, ਮੈਲਬਰਨ ਵੱਲੋਂ ਤਿੰਨ ਸਾਲ ਪਹਿਲਾਂ ਸਥਾਪਿਤ ਖਾਲਸਾ ਛਾਉਣੀ ਸਪੋਰਟਸ ਕਲੱਬ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਤੀਜਾ ਮਿਨੀ ਬਾਸਕਿਟਬਾਲ ਟੂਰਨਾਮੈਂਟ ਐਤਵਾਰ ਸ਼ਾਮ ਨੂੰ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸ਼ਨੀਵਾਰ ਅਤੇ ਐਤਵਾਰ, 3 ਅਤੇ 4 ਅਕਤੂਬਰ ਨੂੰ ਕੈਰੋਲਾਈਨ ਸਪ੍ਰਿੰਗਸ ਲਈਅਰ ਸੈਂਟਰ ਵਿਖੇ ਹੋਏ ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਨੈਸਟ ਕਿੰਗਸ ਕ੍ਰੇਗੀਬਰਨ, ਮੀਰੀ ਪੀਰੀ ਸਪੋਰਟਸ ਕਲੱਬ ਡੀਨਸਾਈਡ ਅਤੇ ਖਾਲਸਾ ਛਾਉਣੀ ਸਪੋਰਟਸ ਕਲੱਬ ਦੀਆਂ ਟੀਮਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਨੈਸਟ ਕਿੰਗਸ ਕ੍ਰੇਗੀਬਰਨ ਅਤੇ ਖਾਲਸਾ ਛਾਉਣੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਹੋਏ। ਲੜਕਿਆਂ ਦੇ ਅੰਡਰ-8 ਤੋਂ ਅੰਡਰ-18 ਤੱਕ ਦੇ ਵਰਗਾਂ ਵਿੱਚ ਨੈਸਟ ਕਿੰਗਸ ਕ੍ਰੇਗੀਬਰਨ ਦੀਆਂ ਪੰਜ ਟੀਮਾਂ ਜੇਤੂ ਰਹੀਆਂ, ਜਦਕਿ ਲੜਕੀਆਂ ਦੇ ਅੰਡਰ-12, ਅੰਡਰ-14 ਅਤੇ ਅੰਡਰ-16 ਦੇ ਵਰਗਾਂ ਵਿੱਚ ਖਾਲਸਾ ਛਾਉਣੀ ਸਪੋਰਟਸ ਕਲੱਬ ਦੀਆਂ ਤਿੰਨ ਟੀਮਾਂ ਨੇ ਜਿੱਤ ਹਾਸਲ ਕੀਤੀ। ਫਾਈਨਲ ਮੁਕਾਬਲੇ ਬੇਹੱਦ ਰੋਮਾਂਚਕ ਰਹੇ ਅਤੇ ਕਈ ਮੁਕਾਬਲਿਆਂ ਵਿੱਚ ਕੁਝ ਅੰਕਾਂ ਦੇ ਫ਼ਰਕ ਨਾਲ ਹੀ ਪਹਿਲੇ ਅਤੇ ਦੂਜੇ ਸਥਾਨ ਦਾ ਫ਼ੈਸਲਾ ਹੋਇਆ।

ਨੌਜਵਾਨ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਹਾਰਵੁੱਡ ਕੰਨਸਟ੍ਰਕਸ਼ਨ ਵੱਲੋਂ 8,000 ਡਾਲਰ ਦੀ ਇਨਾਮੀ ਰਾਸ਼ੀ ਜੇਤੂ ਅਤੇ ਉਪ-ਜੇਤੂ ਟੀਮਾਂ ਵਿੱਚ ਵੰਡੀ ਗਈ। ਖਾਲਸਾ ਛਾਉਣੀ ਸਪੋਰਟਸ ਕਲੱਬ ਵੱਲੋਂ ਜੇਤੂ ਖਿਡਾਰੀਆਂ ਨੂੰ ਸੁਨਹਿਰੀ ਮੈਡਲ ਅਤੇ ਟਰਾਫ਼ੀਆਂ ਭੇਟ ਕੀਤੀਆਂ ਗਈਆਂ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ਮੂਲੀਅਤ ਸਰਟੀਫਿਕੇਟ ਵੀ ਦਿੱਤੇ ਗਏ।

ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਪਾਂਸਰਾਂ ਦਾ ਅਹਿਮ ਯੋਗਦਾਨ ਰਿਹਾ। ਇਨ੍ਹਾਂ ਵਿੱਚ ਹਾਰਵੁੱਡ ਕੰਨਸਟ੍ਰਕਸ਼ਨ ਦੇ ਪ੍ਰਮਿੰਦਰ ਪਾਲ ਸਿੰਘ ਢਿੱਲੋਂ ਅਤੇ ਰਾਜਬੀਰ ਸਿੰਘ ਕਾਲਕੱਟ, ਔਜ਼ੀ ਹੋਮ ਵਾਟਰ ਫਿਲਟਰੇਸ਼ਨ ਦੇ ਰਘਬੀਰ ਸਿੰਘ, ਜੀ ਐੱਸ ਐੱਮ ਦੇ ਗੁਰਬਾਜ਼ ਸਿੰਘ ਭੁੱਲਰ, ਬਾਜਵਾ ਇਮੀਗ੍ਰੇਸ਼ਨ ਦੇ ਮੰਨਦੀਪ ਸਿੰਘ, ਹਾਰਡਵੇਅਰ ਹੈਵਨ ਦੇ ਗੁਰਪ੍ਰੀਤ ਸਿੰਘ ਅਤੇ ਸਰਬਪ੍ਰੀਤ ਸਿੰਘ , ਸਿੰਘ ਰੂਫਿੰਗ ਸਪਲਾਈਜ ਦੇ ਸੁਰਜੀਤ ਸਿੰਘ ਜੋਸਨ ਅਤੇ ਲਖਵਿੰਦਰ ਸਿੰਘ, ਸਿੰਘ ਅਤੇ ਕੌਰ ਫਾਇਨੈਂਸ ਦੇ ਕਮਲਦੀਪ ਸਿੰਘ ਗਰੋਵਰ ਅਤੇ ਮਨੀ ਕੁਵੈਸਟ ਦੇ ਪ੍ਰਭਜੋਤ ਸਿੰਘ ਪੀ ਜੇ ਨੇ ਵੱਖ-ਵੱਖ ਸੇਵਾਵਾਂ ਅਤੇ ਪ੍ਰਬੰਧਾਂ ਲਈ ਸਹਿਯੋਗ ਦਿੱਤਾ।

ਪ੍ਰਬੰਧਕੀ ਅਤੇ ਸੇਵਾ ਕਾਰਜਾਂ ਵਿੱਚ ਅਗਿਆਪਾਲ ਸਿੰਘ ਮਾਨ, ਮਨਪ੍ਰੀਤ ਕੌਰ ਮਾਨ, ਸੁਖਜਿੰਦਰ ਸਿੰਘ, ਹਰਪੁਨੀਤ ਸਿੰਘ, ਪਰਵਿੰਦਰ ਸਿੰਘ, ਕਮਲਜੀਤ ਸਿੰਘ ਜਲੰਧਰ ਵਾਲਿਆਂ ਅਤੇ ਮੰਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੋਵੇਂ ਦਿਨ ਖਿਡਾਰੀਆਂ, ਮਾਪਿਆਂ ਅਤੇ ਦਰਸ਼ਕਾਂ ਲਈ ਪੀਜ਼ਿਆਂ ਦੀ ਸੇਵਾ ਕੀਤੀ ਗਈ। ਗਰਮਾ-ਗਰਮ ਚਾਹ, ਬ੍ਰੈਡ, ਪਕੌੜਿਆਂ ਅਤੇ ਹੋਰ ਪਕਵਾਨਾਂ ਨਾਲ ਆਏ ਹੋਏ ਦਰਸ਼ਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਜਿਕਰਯੋਗ ਹੈ ਕਿ ਤਿੰਨ ਸਾਲ ਪਹਿਲਾ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਨਸ਼ੀਨ ਅਤੇ ਮਜੂਦਾ ਮੁਖੀ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਆਸਟ੍ਰੇਲੀਆ ਫੇਰੀ ਦੌਰਾਨ ਉਹਨਾਂ ਦੀ ਪ੍ਰੇਰਨਾ ਅਤੇ ਅਸੀਸਾਂ ਸਦਕਾ ਖਾਲਸਾ ਛਾਉਣੀ ਸਪੋਟਸ ਕਲੱਬ ਦੀ ਸਥਾਪਨਾ ਹੋਈ ਅਤੇ ਹੁਣ ਇਹ ਕਲੱਬ ਇਹਨਾਂ ਸਲਾਨਾ ਟੂਰਨਾਮੈਂਟਾਂ ਤੋਂ ਇਲਾਵਾ 18 ਟੀਮਾਂ ਸਹਿਤ ਸਥਾਨਕ ਮੈਲਟਨ ਬਾਸਕਿੱਟਬਾਲ ਲੀਗ ਵਿੱਚ ਹਫਤਾਵਾਰੀ ਖੇਡਾਂ ਦੁਆਰਾ ਹਿੱਸਾ ਲੈ ਰਿਹਾ ਹੈ । ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵੱਲੋਂ ਕਲੱਬ ਰਾਂਹੀ ਸਥਾਨਕ ਮਾਪਿਆਂ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਅਤੇ ਭਾਗ ਲੈਣ ਲਈ ਇਕ ਨਿਵੇਕਲਾ ਪਲੇਟਫਾਰਮ ਮੁਹਈਆ ਕਰਵਾਇਆ ਗਿਆ ਹੈ ਜਿਸ ਨੂੰ ਆਸਟ੍ਰੇਲੀਆ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਖੂਬ ਸਲਾਹਿਆ ਜਾ ਰਿਹਾ ਹੈ ।
ਇਹ ਦੋ ਰੋਜ਼ਾ ਮਿੰਨੀ ਬਾਸਕਿੱਟਬਾਲ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਆਪਣਾ ਖੇਡ ਤਜਰਬਾ ਦਿਖਾਉਣ, ਆਪਸੀ ਸਾਂਝ ਵਧਾਉਣ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰਦਿਆਂ ਯਾਦਗਾਰੀ ਹੋ ਨਿੱਬੜਿਆ।


