- Pat Cummins ਨੇ Usman Khawaja ਦੇ ਦਾਅਵਿਆਂ ਨੂੰ ਦੱਸਿਆ ‘ਬਕਵਾਸ’
- David Warner ਵੱਲੋਂ Khawaja ਦਾ ਸਮਰਥਨ ਜਾਰੀ, Cummins ’ਤੇ ਵਿੰਨ੍ਹਿਆ ਨਿਸ਼ਾਨਾ
ਸਿਡਨੀ: ਆਸਟ੍ਰੇਲੀਆਈ ਕ੍ਰਿਕਟ ਦਾ ਬਹੁ-ਚਰਚਿਤ 2018 Sandpapergate ਬਾਲ-ਟੈਂਪਰਿੰਗ ਵਿਵਾਦ ਅੱਠ ਸਾਲਾਂ ਬਾਅਦ ਇੱਕ ਵਾਰ ਫਿਰ ਸੁਰਖੀਆਂ ’ਚ ਹੈ। ਸਾਬਕਾ ਟੈਸਟ ਬੱਲੇਬਾਜ਼ Usman Khawaja ਵੱਲੋਂ ਆਪਣੀ ਨਵੀਂ ਕਿਤਾਬ Sabr ’ਚ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।
ਸ਼ੁੱਕਰਵਾਰ ਨੂੰ ਸਿਡਨੀ ’ਚ 70 ਮਿੰਟ ਚੱਲੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਆਸਟ੍ਰੇਲੀਅਨ ਟੈਸਟ ਕਪਤਾਨ Pat Cummins ਨੇ Usman Khawaja ਦੇ ਉਨ੍ਹਾਂ ਦਾਅਵਿਆਂ ਨੂੰ “ਪੂਰੀ ਤਰ੍ਹਾਂ ਬਕਵਾਸ” ਅਤੇ “100 ਫੀਸਦੀ ਗਲਤ” ਕਰਾਰ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ ਕੇਪ ਟਾਊਨ ਟੈਸਟ ਦੌਰਾਨ ਸੈਂਡਪੇਪਰ ਦੀ ਵਰਤੋਂ ਬਾਰੇ ਪੂਰੀ ਟੀਮ ਨੂੰ ਪਹਿਲਾਂ ਤੋਂ ਜਾਣਕਾਰੀ ਸੀ। Pat Cummins ਨੇ ਕਿਹਾ ਕਿ Usman Khawaja ਨੇ ਆਪਣੀ ਕਿਤਾਬ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਸਾਖ ਨਾਲ ਖਿਲਵਾੜ ਕੀਤਾ ਹੈ। ਕਪਤਾਨ ਨੇ ਖੁਲਾਸਾ ਕੀਤਾ ਕਿ ਕਾਨੂੰਨੀ ਸਲਾਹ ਅਨੁਸਾਰ ਇਹ ਦਾਅਵੇ ਮਾਣਹਾਨੀ ਦੇ ਘੇਰੇ ’ਚ ਆਉਂਦੇ ਹਨ, ਪਰ ਉਹ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਗੇ।
ਦੂਜੇ ਪਾਸੇ, ਸਾਬਕਾ ਸਲਾਮੀ ਬੱਲੇਬਾਜ਼ David Warner ਨੇ ਆਪਣੇ ਬਚਪਨ ਦੇ ਦੋਸਤ Usman Khawaja ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। Fox Cricket ‘ਤੇ ਗੱਲਬਾਤ ਕਰਦਿਆਂ David Warner ਨੇ ਕਿਹਾ ਕਿ ਉਹ Pat Cummins ਦੇ ਬਿਆਨ ਤੋਂ ਬੇਹੱਦ ਨਿਰਾਸ਼ ਹਨ ਅਤੇ Cummins ਨੇ Usman Khawaja ਨੂੰ ਬਲੀ ਦਾ ਬੱਕਰਾ ਬਣਾਇਆ ਹੈ। David Warner ਨੇ ਸ਼ੁਰੂਆਤੀ ਜਾਂਚ ਨੂੰ “ਖਰਾਬ” ਦੱਸਦਿਆਂ ਕਿਹਾ ਕਿ ਉਸ ਨੂੰ, Steve Smith ਅਤੇ Cameron Bancroft ਨੂੰ “ਉਮਰ ਭਰ ਦੀ ਸਜ਼ਾ” ਮਿਲੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਇਸ ਵਿਵਾਦ ਦੇ ਦਬਾਅ ਕਾਰਨ ਉਨ੍ਹਾਂ ਦੀ ਪਤਨੀ Candice ਦਾ ਗਰਭਪਾਤ ਵੀ ਹੋਇਆ ਸੀ।
Cricket Australia ਦੇ CEO Todd Greenberg ਨੇ ਮਾਮਲੇ ਦੀ ਮੁੜ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ Mitch Marsh ਅਤੇ Cameron Bancroft ਨੇ ਇਸ ਮੁੱਦੇ ‘ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ, ਜਦਕਿ Steve Smith ਵੱਲੋਂ ਜਲਦ ਹੀ ਮੀਡੀਆ ਸਾਹਮਣੇ ਆਪਣਾ ਪੱਖ ਰੱਖੇ ਜਾਣ ਦੀ ਉਮੀਦ ਹੈ।
