ਮੈਲਬਰਨ: ਤਾਮਿਲ ਫਿਲਮ ਪ੍ਰੋਡਿਊਸਰ ਅਤੇ DMK ਪਾਰਟੀ ਦੇ ਸਾਬਕਾ ਅਹੁਦੇਦਾਰ ਜਾਫਰ ਸਾਦਿਕ ਨੂੰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਥਿਤ ਤੌਰ ‘ਤੇ 2,000 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਸਾਦਿਕ 15 ਫਰਵਰੀ ਤੋਂ ਫਰਾਰ ਸੀ ਅਤੇ ਉਸ ਨੂੰ ਭਾਰਤ-ਆਸਟ੍ਰੇਲੀਆ-ਨਿਊਜ਼ੀਲੈਂਡ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈੱਟਵਰਕ ਦਾ ਸਰਗਨਾ ਮੰਨਿਆ ਜਾਂਦਾ ਹੈ।
ਉਸ ਨੇ ਕਥਿਤ ਤੌਰ ‘ਤੇ 3,500 ਕਿਲੋਗ੍ਰਾਮ ਸਿਊਡੋਐਫੇਡਰੀਨ ਨੂੰ 45 ਪਾਰਸਲਾਂ ਵਿੱਚ ਆਸਟ੍ਰੇਲੀਆ ਭੇਜਿਆ, ਜੋ ਨਾਰੀਅਲ ਅਤੇ ਸੁੱਕੇ ਮੇਵਿਆਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਇਸ ਦੀ ਵਰਤੋਂ ਮੈੱਥਾਂਫ਼ੇਟਾਮਾਈਨ (methamphetamine) ਜਾਂ ਮੈੱਥ ਨਾਂ ਦੇ ਨਸ਼ੇ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ਆਇਸ ਜਾਂ ਕ੍ਰਿਸਟਲ ਮੈੱਥ ਵੱਜੋਂ ਵੀ ਜਾਣਿਆ ਜਾਂਦਾ ਹੈ। ਸਾਦਿਕ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨੂੰ ਰੀਅਲ ਅਸਟੇਟ, ਫਿਲਮ ਨਿਰਮਾਣ ਅਤੇ ਇਕ ਹੋਟਲ ਵਿਚ ਨਿਵੇਸ਼ ਕੀਤਾ ਸੀ। ਉਸਨੇ ਹੁਣ ਤੱਕ ਚਾਰ ਫਿਲਮਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚੋਂ ਇੱਕ ਇਸ ਮਹੀਨੇ ਰਿਲੀਜ਼ ਹੋਣ ਵਾਲੀ ਹੈ।