ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦੇ ਪ੍ਰਸਾਰਣ ’ਤੇ ਹਾਲ ਹੀ ਵਿੱਚ ਕੈਨੇਡਾ ਵਿੱਚ ਪਾਬੰਦੀ ਲਗਾਉਣ ਦੀ ਖ਼ਬਰ ਆਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਲਈ ਕੈਨੇਡਾ ਦੀ ਆਲੋਚਨਾ ਕੀਤੀ। ਪਰ ਹੁਣ ਇਸ ਮਾਮਲੇ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ। ਕੈਨੇਡੀਅਨ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਉਸ ਨੇ ‘ਆਸਟ੍ਰੇਲੀਆ ਟੂਡੇ’ ਚੈਨਲ ’ਤੇ ਕੈਨੇਡਾ ’ਚ ਕਦੇ ਪਾਬੰਦੀ ਨਹੀਂ ਲਗਾਈ ਗਈ। ਇਸ ਤੋਂ ਇਲਾਵਾ ‘ਆਸਟਰੇਲੀਆ ਟੂਡੇ’ ਚੈਨਲ ਨੇ ਖੁਦ ਵੀ ਮੰਨ ਲਿਆ ਹੈ ਕਿ ਕੈਨੇਡਾ ਸਰਕਾਰ ਨੇ ਇਸ ’ਤੇ ਪਾਬੰਦੀ ਨਹੀਂ ਲਗਾਈ ਸੀ।
ਦਰਅਸਲ ਇਸ ਦੇ ਪਿੱਛੇ ‘META’ ਵੱਲੋਂ ਸਾਲ 2023 ’ਚ ਕੈਨੇਡਾ ਨੂੰ ਲੈ ਕੇ ਲਿਆ ਗਿਆ ਫੈਸਲਾ ਹੈ, ਜਿਸ ਤਹਿਤ ਕੈਨੇਡਾ ’ਚ ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਿਊਜ਼ ਕੰਟੈਂਟ ਨੂੰ ਬਲਾਕ ਕਰ ਦਿੱਤਾ ਜਾਵੇਗਾ। ਇਹ ਮੈਟਾ ਦੀ ਕਾਰੋਬਾਰੀ ਰਣਨੀਤੀ ਦਾ ਹਿੱਸਾ ਹੈ ਕਿ ਵਿਸ਼ਵ ਪੱਧਰ ’ਤੇ ਆਪਣੇ ਪਲੇਟਫਾਰਮ ’ਤੇ ਖ਼ਬਰਾਂ ਦੀ ਸਮੱਗਰੀ ’ਤੇ ਜ਼ੋਰ ਨਾ ਦਿੱਤਾ ਜਾਵੇ।
ਕੈਨੇਡੀਅਨ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ‘ਆਸਟਰੇਲੀਆ ਟੂਡੇ’ ਦੇ ਮੈਨੇਜਿੰਗ ਐਡੀਟਰ ਜੀਤਰਥ ਜੈ ਭਾਰਦਵਾਜ ਦਾ ਬਿਆਨ ਸਾਹਮਣੇ ਆਇਆ। ਉਨ੍ਹਾਂ ਆਪਣੀ ਇੱਕ ਪੋਸਟ ’ਚ ਕਿਹਾ, ‘‘ਅਸੀਂ ਕੈਨੇਡੀਅਨ ਵਿਦੇਸ਼ ਮੰਤਰਾਲੇ ਦੇ ਤਾਜ਼ਾ ਬਿਆਨ ਨੂੰ ਸਵੀਕਾਰ ਕਰਦੇ ਹਾਂ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਾਲ ਇੰਟਰਵਿਊ ਤੋਂ ਤੁਰੰਤ ਬਾਅਦ, ਸਾਡੇ ਕੁਝ ਉਪਭੋਗਤਾਵਾਂ ਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਾਂ ਨੂੰ ਐਕਸੈਸ ਕਰਨ ਵਿੱਚ ਅਸਮਰੱਥ ਸਨ। ਇਸ ਤੋਂ ਪਹਿਲਾਂ, ਸਾਨੂੰ ਕੈਨੇਡਾ ਵਿੱਚ ‘META’ ਦੇ ਪਲੇਟਫਾਰਮ ’ਤੇ ‘ਦਿ ਆਸਟਰੇਲੀਆ ਟੂਡੇ’ ਸਮੱਗਰੀ ਦੀ ਉਪਲਬਧਤਾ ਬਾਰੇ ਪਤਾ ਨਹੀਂ ਸੀ।
‘ਆਸਟ੍ਰੇਲੀਆ ਟੂਡੇ’ ਨੇ ਕਿਹਾ ਕਿ ਉਨ੍ਹਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਾਂ ’ਤੇ ਲਾਗੂ ਪਾਬੰਦੀਆਂ ਬਾਰੇ ਮੈਟਾ ਤੋਂ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਂ ਈਮੇਲ ਨਹੀਂ ਮਿਲੀ ਹੈ।