ਮੈਲਬਰਨ : ਨਿਊਜ਼ੀਲੈਂਡ ਖਿਲਾਫ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ‘ਬਾਰਡਰ-ਗਾਵਸਕਰ ਟਰਾਫ਼ੀ’ ਅਧੀਨ ਪੰਜ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਭਾਰਤੀ ਟੀਮ ਨੇ ਪਰਥ ਦੇ WACA ਸਟੇਡੀਅਮ ਵਿੱਚ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ।
ਸਟੇਡੀਅਮ ਦੇ ਪਾਰ ਇਕ ਸੜਕ ਹੈ, ਆਮ ਤੌਰ ’ਤੇ ਫੁੱਟਪਾਥ ’ਤੇ ਖੜ੍ਹੇ ਲੋਕ ਗ੍ਰਿਲ ਦੇ ਨੇੜੇ ਆਉਂਦੇ ਹਨ ਅਤੇ ਖਿਡਾਰੀਆਂ ਨੂੰ ਅਭਿਆਸ ਕਰਦੇ ਵੇਖਦੇ ਹਨ। ਹਾਲਾਂਕਿ ਭਾਰਤੀ ਟੀਮ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਅਜਿਹਾ ਨਹੀਂ ਹੋਇਆ। ‘ਵੈਸਟ ਆਸਟ੍ਰੇਲੀਆ’ ਦੀ ਇਕ ਰਿਪੋਰਟ ਮੁਤਾਬਕ ਟ੍ਰੇਨਿੰਗ ਸੈਸ਼ਨ ਦੇ ਨੇੜੇ ਦੇ ਇਲਾਕਿਆਂ ਨੂੰ ਕਾਲੇ ਕੱਪੜਿਆਂ ਨਾਲ ਢੱਕ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਖਿਡਾਰੀਆਂ ਨੂੰ ਅਭਿਆਸ ਕਰਦੇ ਨਾ ਦੇਖ ਸਕੇ। ਮੈਦਾਨ ’ਚ ਇਕ ਤਰ੍ਹਾਂ ਦੀ ਤਾਲਾਬੰਦੀ ਹੈ। ਇੰਨਾ ਹੀ ਨਹੀਂ ਸਟੇਡੀਅਮ ’ਚ ਕੰਮ ਕਰਨ ਵਾਲੇ ਲੋਕਾਂ ਦੇ ਫੋਨ ਦੀ ਵਰਤੋਂ ’ਤੇ ਵੀ ਪਾਬੰਦੀ ਹੈ। ਟੀਮ ਇੰਡੀਆ ਨਹੀਂ ਚਾਹੁੰਦੀ ਕਿ ਆਸਟ੍ਰੇਲੀਆ ਨੂੰ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੀਆਂ ਤਿਆਰੀਆਂ ਦੀ ਝਲਕ ਲੱਗੇ।
ਭਾਰਤੀ ਟੀਮ ਪਰਥ ਟੈਸਟ ਮੈਚ ਤੋਂ ਪਹਿਲਾਂ WACA ’ਚ ਇੱਕ ਅਭਿਆਸ ਮੈਚ ਵੀ ਖੇਡੇਗੀ। ਹਾਲਾਂਕਿ ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਮੈਚ ’ਚ ਕੋਈ ਦਰਸ਼ਕ ਨਹੀਂ ਹੋਵੇਗੀ। ਪਹਿਲਾਂ ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਨੂੰ ਮੈਚ ’ਚ ਸੱਟ ਤੋਂ ਬਚਾਉਣ ਲਈ ਅਭਿਆਸ ਮੈਚ ਨਹੀਂ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ਦੇ ਓਪਟਸ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ਨੇ ਇੱਥੇ ਹੁਣ ਤੱਕ ਸਿਰਫ ਇਕ ਟੈਸਟ ਮੈਚ ਖੇਡਿਆ ਹੈ। ਭਾਰਤ ਇਹ ਮੈਚ 146 ਦੌੜਾਂ ਨਾਲ ਹਾਰ ਗਿਆ ਸੀ ਅਤੇ ਉਸ ਸਮੇਂ ਵਿਰਾਟ ਕੋਹਲੀ ਟੀਮ ਦੇ ਕਪਤਾਨ ਸਨ।