ਆਸਟ੍ਰੇਲੀਆ ਵਾਸੀ ਦਾ ਪੰਜਾਬ ’ਚ ਕਤਲ, ਵਿਆਹ ਵੇਖ ਕੇ ਪਰਤ ਰਹੇ NRI ਨੂੰ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ

ਮੈਲਬਰਨ: ਪਿੱਛੇ ਜਿਹੇ ਪੰਜਾਬ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਮਵਾਰ ਸਵੇਰੇ ਨੈਸ਼ਨਲ ਹਾਈਵੇ ’ਤੇ ਪਠਾਨਕੋਟ ਦੇ ਪਿੰਡ ਪਰਮਾਨੰਦ ਨੇੜੇ ਇੱਕ ਥਾਰ ਗੱਡੀ ’ਚੋਂ ਮਿਲੀ। 30 ਕੁ ਸਾਲ ਦਾ ਹਰਦੇਵ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕੁਝ ਮਹੀਨਿਆਂ ਤੋਂ ਆਪਣੇ ਪਠਾਨਕੋਟ ਸਥਿਤ ਪਿੰਡ ਚੱਕ ਅਮੀਰ (ਬਮਿਆਲ) ਵਿਖੇ ਰਹਿ ਰਿਹਾ ਸੀ।

ਐਤਵਾਰ ਰਾਤ ਉਹ ਅੰਮ੍ਰਿਤਸਰ ਦੇ ਤਰਨਤਾਰਨ ਵਿਖੇ ਆਪਣੇ ਸਾਲੇ ਨਾਲ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਗਿਆ ਸੀ। ਵਾਪਸ ਪਰਤਣ ਸਮੇਂ ਮਲਿਕਪੁਰ ਨੇੜੇ ਆਪਣੇ ਸਾਲ਼ੇ ਨੂੰ ਉਤਾਰਨ ਤੋਂ ਬਾਅਦ ਨੌਜਵਾਨ ਨੂੰ ਕਿਸੇ ਦਾ ਫੋਨ ਆਇਆ, ਜਿਸ ਕਾਰਨ ਉਹ ਮੁੜ ਗੁਰਦਾਸਪੁਰ ਵੱਲ ਨੂੰ ਆ ਗਿਆ। ਪਰਮਾਨੰਦ ਨੇੜੇ ਅਣਪਛਾਤੇ ਵਿਅਕਤੀ ਵੱਲੋਂ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੋਮਵਾਰ ਨੂੰ ਸਵੇਰ ਦੀ ਸੈਰ ਕਰਨ ਨਿਕਲੇ ਇੱਕ ਵਿਅਕਤੀ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਹਰਦੇਵ ਸਿੰਘ ਦੇ ਪੇਟ ’ਚ ਨੇੜਿਓਂ ਗੋਲ਼ੀ ਮਾਰੀ ਗਈ ਸੀ। ਮੌਕੇ ’ਤੇ ਐੱਸ. ਐੱਸ. ਪੀ. ਸਮੇਤ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਕਰੀਬ 7 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਪੀ.ਆਰ. ਹੋ ਗਿਆ ਸੀ। ਹਰਦੇਵ ਸਿੰਘ ਆਸਟ੍ਰੇਲੀਆ ’ਚ ਆਪਣਾ ਕਾਰੋਬਾਰ ਚਲਾ ਰਿਹਾ ਸੀ। ਕੁਝ ਮਹੀਨੇ ਪਹਿਲਾਂ ਉਹ ਪਰਿਵਾਰ ਸਮੇਤ ਆਪਣੇ ਪਿੰਡ ਆਇਆ ਸੀ। ਹਰਦੇਵ ਦੇ ਪਿਤਾ ਰਮੇਸ਼ ਸਿੰਘ ਦੀ ਮੌਤ ਹੋ ਜਾਣ ਕਾਰਨ ਉਹ ਆਪਣੇ ਬੱਚੇ ਸਮੇਤ ਆਪਣੀ ਮਾਤਾ ਦੇ ਘਰ ਹੀ ਰੁਕ ਗਿਆ ਸੀ, ਪਰ ਆਪਣੀ ਪਤਨੀ ਨੂੰ ਵਾਪਸ ਆਸਟ੍ਰੇਲੀਆ ਭੇਜ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ, ਇਕ ਬੇਟੇ ਸਮੇਤ ਬਜ਼ੁਰਗ ਮਾਤਾ ਛੱਡ ਗਿਆ ਹੈ।

ਪਰਿਵਾਰ ਅਨੁਸਾਰ ਠਾਕੁਰ ਦੇ ਕਤਲ ਦੇ ਮਕਸਦ ਸਮੇਤ ਹਾਲਾਤ ’ਤੇ ਅਜੇ ਵੀ ਰਹੱਸ ਬਰਕਰਾਰ ਹੈ ਕਿਉਂਕਿ ਉਸ ਦਾ ਕੋਈ ਦੁਸ਼ਮਣ ਨਹੀਂ ਸੀ। ਹਰਦੇਵ ਸਿੰਘ ਠਾਕੁਰ ਦੇ ਕਤਲ ਦੀ ਖ਼ਬਰ ਸੁਣ ਕੇ ਪਠਾਨਕੋਟ ਦੇ ਸਥਾਨਕ ਲੋਕ ਅਤੇ ਆਸਟ੍ਰੇਲੀਆ ਵਿੱਚ NRI ਦੋਵੇਂ ਸਦਮੇ ’ਚ ਹਨ।

Leave a Comment