ਮੈਲਬਰਨ : ਕੁਈਨਜ਼ਲੈਂਡ ਦੇ ਬ੍ਰਿਸਬੇਨ ’ਚ ਖੋਜਕਰਤਾ ਆਸਟ੍ਰੇਲੀਆਈ ਨੈਸ਼ਨਲ ਮੈਂਗੋ ਬ੍ਰੀਡਿੰਗ ਪ੍ਰੋਗਰਾਮ ਰਾਹੀਂ ਇੱਕ ਸੰਪੂਰਨ ਅੰਬ ਦੀ ਕਿਸਮ ਪੈਦਾ ਕਰਨ ‘ਤੇ ਕੰਮ ਕਰ ਰਹੇ ਹਨ। ਚਾਰ ਸਟੇਟਾਂ ਅਤੇ ਫ਼ੈਡਰਲ ਖੇਤੀਬਾੜੀ ਸੰਗਠਨਾਂ ਦੇ ਸਹਿਯੋਗ ਨਾਲ ਖੋਜਕਰਤਾਵਾਂ ਕੋਲ ਅੰਬਾਂ ਦੇ ਜੈਨੇਟਿਕਸ ਵਿੱਚ ਸੁਧਾਰ ਕਰਨ ਦਾ 60 ਸਾਲਾਂ ਦਾ ਤਜਰਬਾ ਹੈ। ਇਸ ਪ੍ਰੋਗਰਾਮ ਦੀ ਅਗਵਾਈ ਅਸਜਾਦ ਅਲੀ ਕਰ ਰਹੇ ਹਨ। 2023 ਤੋਂ ਚਲ ਰਹੇ ਪ੍ਰੋਗਰਾਮ ਅਧੀਨ ਦੁਨੀਆ ਭਰ ’ਚੋਂ ਅੰਬਾਂ ਦੀਆਂ 350 ਕਿਸਮਾਂ ਇਕੱਠੀਆਂ ਕੀਤੀਆਂ ਗਈਆਂ ਹਨ। 26 ਕਿਸਮਾਂ ਭਾਰਤ ਦੀਆਂ ਹਨ। ਥਾਈਲੈਂਡ, ਵੀਅਤਨਾਮ ਅਤੇ ਚੀਨ ਤੋਂ ਵੀ ਅੰਬ ਲਿਆਂਦੇ ਗਏ ਹਨ। ਅਲੀ ਨੇ ਕਿਹਾ ਕਿ ਇੱਕ ਨਵੀਂ ਕਿਸਮ ਬਣਾਉਣ ਲਈ 25 ਸਾਲ ਤਕ ਦਾ ਸਮਾਂ ਲੱਗ ਸਕਦਾ ਹੈ।
ਉਨ੍ਹਾਂ ਨੇ R2E2, Calypso, Yess!, Ah-ha!, ਅਤੇ Now! ਵਰਗੀਆਂ ਪ੍ਰਸਿੱਧ ਕਿਸਮਾਂ ਵਿਕਸਤ ਕੀਤੀਆਂ ਹਨ! ਇਹ ਕਿਸਮਾਂ ਬਿਹਤਰ ਮੁਨਾਫਾ ਅਤੇ ਖਾਣ ਵਾਲਿਆਂ ਦੀ ਪਸੰਦ ਨੂੰ ਧਿਆਨ ’ਚ ਰੱਖ ਕੇ ਵਿਕਸਤ ਕੀਤੀਆਂ ਗਈਆਂ। ਟੀਚਾ ਅੰਬਾਂ ਦਾ ਉਤਪਾਦਨ ਵਧਾਉਣਾ, ਰੋਗ ਪ੍ਰਤੀਰੋਧਕ ਕਿਸਮਾਂ ਵਿਕਸਮ ਕਰ ਕੇ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਲਿਆਉਣਾ, ਬਿਹਤਰ ਸੁਆਦ, ਬਣਤਰ, ਰੰਗ ਅਤੇ ਆਕਾਰ ਵਿੱਚ ਵਾਧਾ ਲਿਆਉਣਾ ਹੈ। ਨਵੀਂਆਂ ਕਿਸਮਾਂ ਇਹ ਸੰਭਾਵਤ ਤੌਰ ‘ਤੇ ਪੈਦਾਵਾਰ ਨੂੰ 5-7 ਟਨ ਪ੍ਰਤੀ ਹੈਕਟੇਅਰ ਤੋਂ ਵਧਾ ਕੇ 60 ਟਨ ਪ੍ਰਤੀ ਹੈਕਟੇਅਰ ਕਰ ਸਕਦੀਆਂ ਹਨ, ਜਿਸ ਨਾਲ 208 ਮਿਲੀਅਨ ਡਾਲਰ ਦੇ ਆਸਟ੍ਰੇਲੀਆਈ ਅੰਬ ਉਦਯੋਗ ਨੂੰ ਮਹੱਤਵਪੂਰਣ ਲਾਭ ਹੋ ਸਕਦਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਵਾਲੇ ਚਖਣਗੇ ਨਵੀਂ ਕਿਸਮ ਦੇ ਅੰਬਾਂ ਦਾ ਸਵਾਦ, ਜਾਣੋ ਅੰਬਾਂ ਦੇ ਮੌਸਮ ’ਚ ਕਿੰਝ ਚੁਣੀਏ ਬਿਹਤਰੀਨ ਅੰਬ – Sea7 Australia
ਤਸਵੀਰ : ABC ਤੋਂ ਧਨਵਾਦ ਸਹਿਤ