ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7 ਮਿਲੀਅਨ ਡਾਲਰ ਦੇ ਸੋਕਾ ਰਾਹਤ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਰਾਹਤ ਪੈਕੇ ਦੇ ਹਿੱਸੇ ਵਜੋਂ ਐਮਰਜੈਂਸੀ ਸਰਵੀਸਿਜ਼ ਲੇਵੀ ਵਿੱਚ ਅਗਲੇ ਸਾਲ ਤੋਂ ਕਿਸਾਨਾਂ ਲਈ ਅਸਥਾਈ ਰਾਹਤ ਦਾ ਐਲਾਨ ਵੀ ਕੀਤਾ। ਕਿਸਾਨ ਅਗਲੇ ਸਾਲ ਲਈ ਪ੍ਰਸਤਾਵਿਤ 71.8 ਸੈਂਟ ਦੀ ਬਜਾਏ 28.7 ਸੈਂਟ ਪ੍ਰਤੀ 1,000 ਡਾਲਰ ਦੀ ਮੌਜੂਦਾ ਦਰ ਦਾ ਹੀ ਭੁਗਤਾਨ ਕਰਨਗੇ। ਹਾਲਾਂਕਿ, ਕਿਸਾਨ ਸਮੂਹ ਵਧੀ ਹੋਈ ਦਰ ਨੂੰ ਪੂਰੀ ਤਰ੍ਹਾਂ ਰੱਦ ਕਰਨ ਅਤੇ ਟੈਕਸ ਦੀ ਜਨਤਕ ਜਾਂਚ ਦੀ ਮੰਗ ਕਰ ਰਹੇ ਹਨ। ਇਸ ਪੈਕੇਜ ਵਿੱਚ ਖੇਤੀ ਸੋਕੇ ਦੇ ਪ੍ਰਬੰਧਨ ਵਿੱਚ ਸੁਧਾਰ, ਵਿੱਤੀ ਸਲਾਹ ਅਤੇ ਮਾਨਸਿਕ ਸਿਹਤ ਸਹਾਇਤਾ ਲਈ 5,000 ਡਾਲਰ ਤੱਕ ਦੀ ਗ੍ਰਾਂਟ ਵੀ ਸ਼ਾਮਲ ਹੈ। ਕਿਸਾਨਾਂ ਦੀ ਸਹਾਇਤਾ ਬਾਰੇ ਸਰਕਾਰ ਨੂੰ ਸਲਾਹ ਦੇਣ ਲਈ ਸੋਕਾ ਪ੍ਰਤੀਕਿਰਿਆ ਟਾਸਕ ਫੋਰਸ ਦੀ ਸਥਾਪਨਾ ਕੀਤੀ ਗਈ ਹੈ।