ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ ਰੈਂਟ ’ਤੇ ਰਹਿਣ ਨਾਲੋਂ ਵੀ ਸਸਤਾ ਹੋ ਗਿਆ ਹੈ। ਸਭ ਤੋਂ ਜ਼ਿਆਦਾ ਅਜਿਹੇ ਸਬਅਰਬ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ’ਚ ਹਨ। Finders ਦੇ ਤਾਜ਼ਾ ਸਰਵੇਖਣ ਅਨੁਸਾਰ ਆਸਟ੍ਰੇਲੀਆ ਦਾ ਯੂਨਿਟ ਬਾਜ਼ਾਰ ਖਰੀਦਦਾਰਾਂ ਨੂੰ 280 ਸਬਅਰਬਾਂ ਵਿੱਚ ਸਭ ਤੋਂ ਵੱਡੇ ਘੱਟ-ਮੌਰਗੇਜ ਦੇ ਮੌਕੇ ਪ੍ਰਦਾਨ ਕਰਦਾ ਹੈ, ਜਦਕਿ ਹੋਰ 189 ਇਲਾਕੇ ਅਜਿਹੇ ਹਨ ਜੋ ਘਰ ਖ਼ਰੀਦਣ ਵਾਲਿਆਂ ਲਈ ਵੱਡੀ ਬੱਚਤ ਦੀ ਪੇਸ਼ਕਸ਼ ਕਰਦੇ ਹਨ। ਇਸ ਤਰ੍ਹਾਂ ਇਹ ਪੂਰੇ ਦੇਸ਼ ਦੇ ਸਬਅਰਬ ਮਕਾਨਾਂ ਦਾ 5% ਹਿੱਸਾ ਬਣਦੇ ਹਨ, ਜਦਕਿ ਯੂਨਿਟਾਂ ਦੀ ਗੱਲ ਕਰੀਏ ਤਾਂ ਦੇਸ਼ ਦੀਆਂ 16% ਯੂਨਿਟਾਂ ਇਸ ਸ਼੍ਰੇਣੀ ’ਚ ਹਨ।
ਵਿਕਟੋਰੀਆ ਦੇ 43 ਸਬਅਰਬ ਅਜਿਹੇ ਹਨ ਜਿੱਥੇ ਯੂਨਿਟ ਖ਼ਰੀਦਣਾ ਰੈਂਟ ਦੇਣ ਨਾਲੋਂ ਸਸਤਾ ਹੈ। Carlton, Southbank, Burwood East, Flemington, West Melbourne ਅਤੇ Williams Landing ਇਸ ਸ਼੍ਰੇਣੀ ’ਚ ਆਉਂਦੇ ਹਨ। Notting Hill ’ਚ ਰੈਂਟ ਤੋਂ ਮੌਰਗੇਜ 156 ਡਾਲਰ ਸਸਤੀ, Travancore ’ਚ ਇਹ 149 ਡਾਲਰ ਸਸਤੀ, ਅਤੇ Docklands ’ਚ ਇਹ 110 ਡਾਲਰ ਸਸਤੀ ਹੈ। Carlton, Southbank ਅਤੇ Burwood East ’ਚ ਵੀ ਬੱਚਤ 70 ਡਾਲਰ ਤੋਂ ਵੱਧ ਹੈ।