ਮੈਲਬਰਨ: ਆਸਟ੍ਰੇਲੀਆ ’ਚ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਅਗਲੇ ਮਹੀਨੇ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਸਿਹਤ ਮੰਤਰੀ ਮਾਰਕ ਬਟਲਰ ਨੇ ਬੀਮਾਕਰਤਾਵਾਂ ਵੱਲੋਂ ਕੀਤੀ ਮੰਗ ਅਨੁਸਾਰ ਪ੍ਰੀਮੀਅਮ ’ਚ ਔਸਤਨ 3.03 ਫ਼ੀਸਦੀ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ ਪਿਛਲੇ ਪੰਜ ਸਾਲਾਂ ਤੋਂ ਸਭ ਤੋਂ ਜ਼ਿਆਦਾ ਹੈ।
ਹਾਲਾਂਕਿ 3.03 ਫ਼ੀਸਦੀ ਔਸਤਨ ਵਾਧਾ ਹੈ, ਪਰ ਸਹੀ ਵਾਧਾ ਵੱਖੋ-ਵੱਖ ਬੀਮਾਕਰਤਾ ਦੇ ਮਾਮਲੇ ’ਚ ਵੱਖਰਾ ਹੋਵੇਗਾ। ਕਾਮਨਵੈਲਥ ਬੈਂਕ ਦੀ ਮਲਕੀਅਤ ਵਾਲੀਆਂ ਬੀਮਾ ਕੰਪਨੀਆਂ CBHC ਕਾਰਪੋਰੇਟ ਹੈਲਥ ਅਤੇ CBHS ਹੈਲਥ ਫੰਡ ਵਿੱਚ ਕ੍ਰਮਵਾਰ 5.82 ਫ਼ੀਸਦੀ ਅਤੇ 4.51 ਫ਼ੀਸਦੀ ਦਾ ਵਾਧਾ ਹੋਇਆ ਹੈ, ਇਸ ਤੋਂ ਬਾਅਦ NIB ਵਿੱਚ 4.1 ਫ਼ੀਸਦੀ ਦਾ ਵਾਧਾ ਹੋਇਆ ਹੈ।
ਵਿੱਤ ਕੰਪਨੀ ਕੰਪੇਰੀ ਕਲੱਬ ਦੇ ਅਨੁਸਾਰ, ਇਸ ਵਾਧੇ ਦਾ ਮਤਲਬ ਹੈ ਕਿ ਔਸਤਨ ਪਰਿਵਾਰ ਪ੍ਰਤੀ ਸਾਲ 181 ਡਾਲਰ ਦਾ ਵਾਧੂ ਭੁਗਤਾਨ ਕਰੇਗਾ, ਜਦੋਂ ਕਿ ਇਕੱਲੇ ਪਾਲਸੀਧਾਰਕਾਂ ਦੇ ਬਿੱਲਾਂ ਵਿੱਚ 96 ਡਾਲਰ ਅਤੇ ਵਿਆਹੁਤਾ ਜੋੜਿਆਂ ਨੂੰ 201 ਡਾਲਰ ਦਾ ਵਾਧਾ ਹੋਵੇਗਾ। ਨਵੇਂ ਪ੍ਰੀਮੀਅਮ 1 ਅਪ੍ਰੈਲ ਤੋਂ ਲਾਗੂ ਹੋਣਗੇ, ਜਿਸ ਨਾਲ ਪਰਿਵਾਰਾਂ ਕੋਲ ਆਪਣੀ ਬੀਮਾ ਕੰਪਨੀ ਨੂੰ ਬਦਲਣ ਦਾ ਸਮਾਂ ਰਹੇਗਾ ਜੇ ਉਹ ਵਾਧੇ ਤੋਂ ਨਾਖੁਸ਼ ਹਨ।