ਮੈਲਬਰਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ ਜੋੜੇ ਆਰਤੀ ਧੀਰ ਅਤੇ ਕੰਵਲਜੀਤ ਸਿੰਘ ਰਾਏਜਾਦਾ ਨੂੰ ਆਸਟ੍ਰੇਲੀਆ ਨੂੰ 514 ਕਿੱਲੋ ਕੋਕੀਨ ਨਿਰਯਾਤ ਕਰਨ ਦੇ ਦੋਸ਼ ‘ਚ 33-33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨੈਸ਼ਨਲ ਕ੍ਰਾਈਮ ਏਜੰਸੀ (NSA) ਨੇ ਮਈ 2021 ਵਿੱਚ ਸਿਡਨੀ ਵਿੱਚ 57 ਮਿਲੀਅਨ ਪੌਂਡ ਦੀ ਕੋਕੀਨ ਨੂੰ ਬਰਾਮਦ ਕਰਨ ਤੋਂ ਬਾਅਦ ਜੋੜੇ ਦੀ ਪਛਾਣ ਕੀਤੀ ਸੀ। ਇਸ ਜੋੜੇ ਨੇ ਕਮਰਸ਼ੀਅਲ ਉਡਾਣਾਂ ਰਾਹੀਂ ਮੈਟਲ ਟੂਲਬਾਕਸ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਇਕ ਫਰੰਟ ਕੰਪਨੀ ਵੀਫਲਾਈ ਫਰੇਟ ਸਰਵਿਸਿਜ਼ ਦੀ ਸਥਾਪਨਾ ਕੀਤੀ ਸੀ।
ਜੋੜੇ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਉਨ੍ਹਾਂ ਨੂੰ ਨਿਰਯਾਤ ਦੇ 12 ਦੋਸ਼ਾਂ ਅਤੇ ਮਨੀ ਲਾਂਡਰਿੰਗ ਦੇ 18 ਦੋਸ਼ਾਂ ਦਾ ਦੋਸ਼ੀ ਠਹਿਰਾਇਆ ਗਿਆ। NSA ਦਾ ਮੰਨਣਾ ਹੈ ਕਿ ਜੂਨ 2019 ਤੋਂ ਆਸਟ੍ਰੇਲੀਆ ਨੂੰ 37 ਖੇਪਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 15 ਵਿਚ ਕੋਕੀਨ ਸੀ। ਹੀਥਰੋ ਵਿਖੇ ਇੱਕ ਫਲਾਈਟ ਸਰਵਿਸਿਜ਼ ਕੰਪਨੀ ਵਿੱਚ ਕੰਮ ਕਰਨ ਤੋਂ ਪ੍ਰਾਪਤ ਹਵਾਈ ਅੱਡੇ ਦੇ ਮਾਲ ਢੁਆਈ ਦੀਆਂ ਪ੍ਰਕਿਰਿਆਵਾਂ ਬਾਰੇ ਜੋੜੇ ਦੇ ਗਿਆਨ ਦੀ ਵਰਤੋਂ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਕਵਰ ਕਰਨ ਲਈ ਕੀਤੀ ਗਈ ਸੀ।
ਦਿਲਚਸਪ ਗੱਲ ਹੈ ਕਿ ਇਹ ਜੋੜਾ ਭਾਰਤ ਦੇ ਗੁਜਰਾਤ ’ਚ ਇੱਕ ਕਤਲ ਦਾ ਦੋਸ਼ੀ ਵੀ ਹੈ ਅਤੇ ਭਾਰਤ ਨੇ ਬ੍ਰਿਟੇਨ ਕੋਲ ਇਨ੍ਹਾਂ ਦੀ ਸਪੁਰਦਗੀ ਦੀ ਮੰਗ ਕੀਤੀ ਹੋਈ ਹੈ।