ਮੈਲਬਰਨ: ਯੂ.ਕੇ. ਦੇ ਨਾਗਰਿਕ ਬਣ ਚੁੱਕੇ ਪ੍ਰਵਾਸੀਆਂ ਲਈ ਆਪਣੇ ਜੀਵਨਸਾਥੀ ਦਾ ਫ਼ੈਮਿਲੀ ਵੀਜ਼ਾ (UK Family Visa) ਪ੍ਰਾਪਤ ਕਰਨ ਯੋਗ ਹੋਣ ਲਈ ਘੱਟੋ-ਘੱਟ ਤਨਖ਼ਾਹ ਦੀ ਹੱਦ ਦੁੱਗਣੀ ਹੋਣ ਵਾਲੀ ਹੈ। ਪਿਛਲੇ ਹਫ਼ਤੇ ਯੂ.ਕੇ. ਦੀ ਸੰਸਦ ’ਚ ਇੱਕ ਸਵਾਲ ਦੇ ਜਵਾਬ ’ਚ ਕਿਹਾ ਗਿਆ ਸੀ ਕਿ ਘੱਟੋ-ਘੱਟ ਤਨਖ਼ਾਹ ਦੀ ਜ਼ਰੂਰਤ ਵਧਾ ਕੇ 38,700 ਪਾਊਂਡ ਕਰ ਦਿੱਤੀ ਜਾਵੇਗੀ।
ਹਾਲਾਂਕਿ ਏਨੇ ਵੱਡੇ ਵਾਧੇ ਦਾ ਵਿਰੋਧ ਹੋਣ ਤੋਂ ਬਾਅਦ ਵੀਰਵਾਰ ਨੂੰ ਕਿਹਾ ਗਿਆ ਕਿ ਇਸ ਨੂੰ ਪੜਾਅਵਾਰ ਤਰੀਕੇ ਨਾਲ ਵਧਾਇਆ ਜਾਵੇਗਾ ਅਤੇ ਪਹਿਲਾਂ 2024 ਦੇ ਸ਼ੁਰੂ ’ਚ ਇਹ ਹੱਦ 29000 ਪਾਊਂਡ ਹੋਵੇਗੀ, ਬਾਅਦ ’ਚ ਇਸ ਨੂੰ 2025 ਤਕ ਦੋ ਵਾਰੀ ਵਧਾ ਕੇ 38,700 ਪਾਊਂਡ ਕਰ ਦਿੱਤਾ ਜਾਵੇਗਾ। ਇਸ ਵੇਲੇ ਆਪਣੇ ਜੀਵਨਸਾਥੀ ਨੂੰ ਯੂ.ਕੇ. ਲਿਆ ਕੇ ਵਸਾਉਣ ਲਈ ਘੱਟੋ-ਘੱਟ ਆਮਦਨ 18,600 ਪਾਊਂਡ ਹੋਣੀ ਚਾਹੀਦੀ ਹੈ।
ਗ੍ਰਹਿ ਮੰਤਰੀ ਲੌਰਡ ਐਂਡਰਿਊ ਸ਼ਾਰਪ ਨੇ ਸੰਸਦ ’ਚ ਦਿੱਤੇ ਇੱਕ ਦਸਤਾਵੇਜ਼ ’ਚ ਇਸ ਵਾਧੇ ਦਾ ਕਾਰਨ ਦੱਸਦਿਆਂ ਕਿਹਾ, ‘‘ਯੂ.ਕੇ. ’ਚ ਆਪਣਾ ਪ੍ਰਵਾਰ ਲਿਆ ਕੇ ਵਸਾਉਣ ਇੱਛੁਕ ਲੋਕ ਉਸ ਦਾ ਖ਼ਰਚਾ ਚੁੱਕਣ ਦੇ ਸਮਰੱਥ ਵੀ ਹੋਣੇ ਚਾਹੀਦੇ ਹਨ।’’