ਭਾਰਤ-ਕੈਨੇਡਾ ਤਣਾਅ ਦਾ Study Visa ’ਤੇ ਕੋਈ ਅਸਰ ਨਹੀਂ, 90 ਫ਼ੀ ਸਦੀ ਵਿਦਿਆਰਥੀਆਂ ਨੂੰ ਮਿਲ ਰਹੇ ਵੀਜ਼ੇ

ਮੈਲਬਰਨ: ਭਾਰਤ ਅਤੇ ਕੈਨੇਡਾ ਵਿਚਕਾਰ ਵਧੇ ਹੋਏ ਤਣਾਅ ਵਿਚਕਾਰ ਇੱਕ ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਪੜ੍ਹਾਈ ਕਰਨ ਲਈ ਉੱਤਰੀ ਅਮਰੀਕੀ ਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀਜ਼ਾ ਜਾਰੀ ਕਰਨ ’ਚ ਕੋਈ ਖ਼ਲਲ ਨਹੀਂ ਪਿਆ ਹੈ। ਭਾਵੇਂ ਵਿਦਿਆਰਥੀ ਜ਼ਰੂਰੀ ਸਕੋਰ ਦੇ ਨੇੜੇ-ਤੇੜੇ ਹੀ ਕਿਉਂ ਨਾ ਹੋਣ, ਉਨ੍ਹਾਂ ਦਾ ਵੀਜ਼ਾ ਮਨਜ਼ੂਰ ਹੋਣ ਦੀ ਦਰ ਉੱਚੀ ਹੈ।

ਕੈਨੇਡਾ ’ਚ ਪ੍ਰਵਾਸ ਦੀਆਂ ਨੀਤੀਆਂ ’ਚ ਕੋਈ ਤਬਦੀਲੀ ਨਹੀਂ ਹੋਈ ਹੈ, ਜਿਸ ਕਾਰਨ ਬਹੁਤਿਆਂ ਦੇ ਕੈਨੇਡਾ ਜਾਣ ਦੇ ਸੁਪਨੇ ਸਾਕਾਰ ਹੋ ਰਹੇ ਹਨ। ਜਲੰਧਰ ਸਥਿਤ ਪਿਰਾਮਿਤ ਈ-ਸਰਵੀਸਿਜ਼ ਦੇ ਸਹਾਇਕ ਡਾਇਰੈਕਟਰ ਸੁਨੀਲ ਕੁਮਾਰ ਵਸ਼ਿਸ਼ਟ ਅਨੁਸਾਰ ਇੱਥੋਂ ਤਕ ਕਿ IELTS ’ਚ ਛੇ ਬੈਂਡ ਸਕੋਰ ਕਰਨ ਵਾਲਿਆਂ ਨੂੰ ਵੀ ਸਟੱਡੀ ਵੀਜ਼ਾ ਮਿਲ ਰਿਹਾ ਹੈ, ਭਾਵੇਂ ਉਨ੍ਹਾ ਦੇ ਇੱਕ ਜਾਂ ਦੋ ਮਾਡਿਊਲ ’ਚ 5 ਬੈਂਡ ਹੀ ਕਿਉਂ ਨਾ ਹੋਣ। ਵਿਸ਼ੇਸ਼ ਕਰ ਕੇ ਪੰਜਾਬ ਦੇ ਦੁਆਬਾ ਇਲਾਕੇ ’ਚ ਵਿਦਿਆਰਕੀ ਵੀਜ਼ਾ ਦੀ ਸਫ਼ਲਤਾ ਦਰ 90 ਤੋਂ 95% ਹੈ। ਜਲੰਧਰ ਸਥਿਤ ਓਵਰਸੀਜ਼ ਕੰਸਲਟੈਂਟਸ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਚਲ ਰਹੀ ਖਟਾਸ ਦੇ ਬਾਵਜੂਦ ਵੀਜ਼ਾ ’ਚ ਕਮੀ ਨਹੀਂ ਆਈ ਹੈ। ਇੱਥੋਂ ਤਕ ਕਿ ਕੁੱਝ ਕੇਂਦਰਾਂ ਨੇ ਇੱਥੋਂ ਤਕ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਵੀਜ਼ਾ ਸਫ਼ਲਤਾ ਦਰ ’ਚ 18-19% ਦਾ ਵਾਧਾ ਹੀ ਵੇਖਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਦੇਸ਼ ਦੇ ਨਾਗਰਿਕ ਅਤੇ ਖਾੜਕੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤੀ ਅਧਿਕਾਰੀਆਂ ’ਤੇ ਲਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਗਈ ਸੀ। ਸਿਰਫ਼ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਸੈਲਾਨੀ ਸ਼੍ਰੇਣੀ ’ਚ, ਕਾਰੋਬਾਰੀ, ਨਿਵੇਸ਼ਕ, ਵਰਕ ਪਰਮਿਟ ਅਤੇ ਜੀਵਨਸਾਥੀ ਓਪਨ ਵਰਕ ਪਰਮਿਟ ’ਚ ਵੀ ਸਫ਼ਲਤਾ ਦੀ ਇਹੀ ਦਰ ਵੇਖਣ ਨੂੰ ਮਿਲ ਰਹੀ ਹੈ।

Leave a Comment