ਅਮਰੀਕਾ ਵੱਲੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕੀਤੇ ਜਾਣ ਮਗਰੋਂ ਪੰਜਾਬ ’ਚ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁਧ ਕਾਰਵਾਈ ਸਖ਼ਤ, ਹੁਣ ਤਕ 10 ਕੇਸ ਦਰਜ

ਚੰਡੀਗੜ੍ਹ : ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਪ੍ਰਵਾਸੀਆਂ ਡੋਨਾਲਡ ਟਰੰਪ ਪ੍ਰ਼ਸ਼ਾਸਨ ਵੱਲੋਂ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਗ਼ੈਰਕਾਨੂੰਨੀ ਮਨੁੱਖੀ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਸਖ਼ਤ ਕਰ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਤੱਕ ਦਰਜ ਕੇਸਾਂ ਦੀ ਗਿਣਤੀ ਦਸ ਹੋ ਗਈ ਹੈ।

ਨਵੀਂ FIR ਉਨ੍ਹਾਂ ਏਜੰਟਾਂ ਖਿਲਾਫ਼ ਦਰਜ ਕੀਤੀ ਗਈ ਹੈ ਜਿਨ੍ਹਾਂ ਪੀੜਤਾਂ ਨਾਲ ਝੂਠੇ ਵਾਅਦੇ ਕਰ ਕੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ। ਇਨ੍ਹਾਂ ਵਿਚੋਂ ਕੁਝ ਪੀੜਤਾਂ ਨੂੰ ਹਾਲ ਹੀ ਵਿਚ ਡਿਪੋਰਟ ਕੀਤਾ ਗਿਆ ਹੈ। ਏਡੀਜੀਪੀ ਐੱਨਆਰਆਈ ਮਾਮਲੇ ਪ੍ਰਵੀਨ ਸਿਨਹਾ ਨੇ ਕਿਹਾ ਕਿ ਪਿਛਲੇ ਸਾਲ 43 ਟਰੈਵਲ ਏਜੰਟਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕਲ ਅੰਮ੍ਰਿਤਸਰ ’ਚ 8 ਕੇਸ ਦਰਜ ਕੀਤੇ ਜਾਣ ਤੋਂ ਬਾਅਦ ਅੱਜ ਹੁਸ਼ਿਆਰਪੁਰ ’ਚ ਦੋ ਕੇਸ ਦਰਜ ਕੀਤੇ ਗਏ ਹਨ।

ਪਹਿਲਾ ਕੇਸ ਜਸਕਰਨ ਸਿੰਘ, ਮਹਿੰਦਰ ਸਿੰਘ, ਹਰਦੇਵ ਕੌਰ ਤੇ ਸੁਜਾਨ ਸਿੰਘ ਖਿਲਾਫ਼ ਦਰਜ ਕੀਤਾ ਗਿਆ ਹੈ। ਇਹ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਵਿਚ ਟਾਹਲੀ ਦੇ ਵਸਨੀਕ ਹਨ। ਦੂਜਾ ਕੇਸ ਟਾਂਡਾ ਦੇ ਟਰੈਵਲ ਏਜੰਟ ਹੈਪੀ ਤੇ ਤਰਨਤਾਰਨ ਦੇ ਏਜੰਟ ਗਿੱਲ ਖਿਲਾਫ਼ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ NRI ਪੁਲੀਸ ਥਾਣੇ ਵਿਚ ਭਾਰਤੀ ਨਿਆਏ ਸੰਹਿਤਾ ਤੇ ਇਮੀਗ੍ਰੇਸ਼ਨ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਦੀ ਗ੍ਰਿਫ਼ਤਾਰੀ ਵਿਚ ਮਦਦ ਲਈ ਅੱਗੇ ਆਉਣ।