ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਵਿਚਕਾਰ ਟੋਕੀਓ ’ਚ ਮੁਲਾਕਾਤ,  ਸੁਰੱਖਿਆ ਅਤੇ ਸਿੱਖਿਆ ਸਮੇਤ ਇਨ੍ਹਾਂ ਮੁੱਦਿਆਂ ’ਤੇ ਹੋਈ ਚਰਚਾ

ਮੈਲਬਰਨ : ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਅੱਜ ਸੋਮਵਾਰ ਨੂੰ ਟੋਕੀਓ ’ਚ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵੱਡੇ ਆਗੂਆਂ ਨੇ ਸੁਰੱਖਿਆ, ਵਪਾਰ ਅਤੇ ਸਿੱਖਿਆ ਸਮੇਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਜੈਸ਼ੰਕਰ ਅਤੇ ਵੋਂਗ ਚਾਰ ਦੇਸ਼ਾਂ ਦੇ ਸਮੂਹ ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸ਼ਾਮਲ ਹੋਣ ਲਈ ਜਾਪਾਨ ਦੀ ਰਾਜਧਾਨੀ ਟੋਕੀਉ ’ਚ ਮੌਜੂਦ ਹਨ। ਜੈਸ਼ੰਕਰ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਵੋਂਗ ਨਾਲ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਅਸੀਂ ਸੁਰੱਖਿਆ, ਵਪਾਰ ਅਤੇ ਸਿੱਖਿਆ ਸਮੇਤ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਗੱਲ ਕੀਤੀ। ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਣੇ ਵਿਹਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਈ। ਛੇਤੀ ਹੀ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਇਸ ਨੂੰ ਜਾਰੀ ਰੱਖਣ ਦੀ ਉਮੀਦ ਹੈ।’’