ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ Woolworths ਦੇ ‘Prices Dropped’ ਯਾਨੀ ਸਸਤੇ ਰੇਟ ਵਾਲੇ ਦਾਅਵਿਆਂ ’ਤੇ ਤਿੱਖੀ ਸੁਣਵਾਈ ਹੋਈ। ਖਪਤਕਾਰ ਨਿਗਰਾਨ ਏਜੰਸੀ ACCC ਦਾ ਦੋਸ਼ ਹੈ ਕਿ Woolworths ਨੇ ਕਈ ਚੀਜ਼ਾਂ ਦੀ ਕੀਮਤ ਪਹਿਲਾਂ ਕੁਝ ਸਮੇਂ ਲਈ ਵਧਾਈ ਅਤੇ ਫਿਰ ਉਹੀ ਸਮਾਨ ‘ਛੋਟ’ ਦੇ ਨਾਂ ’ਤੇ ਸਸਤਾ ਦੱਸ ਕੇ ਵੇਚਿਆ।
ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਨੇ ਸਾਫ਼ ਕਿਹਾ ਕਿ ਮੁੱਦਾ ਸਿਰਫ਼ ‘Prices Dropped’ ਲਿਖਣ ਦਾ ਨਹੀਂ, ਸਗੋਂ ਇਹ ਹੈ ਕਿ ਗਾਹਕ ਨੂੰ ਦਿਖਾਈ ਗਈ ਪੁਰਾਣੀ ਕੀਮਤ ਅਸਲ ਸੀ ਵੀ ਜਾਂ ਨਹੀਂ। ਮਤਲਬ ਸਵਾਲ ਇਹ ਹੈ ਕਿ ਕੀ Woolworths ਨੇ ਸੱਚਮੁੱਚ ਕੀਮਤ ਘਟਾਈ ਸੀ ਜਾਂ ਪਹਿਲਾਂ ਵਧਾ ਕੇ ਬਾਅਦ ਵਿੱਚ ਝੂਠੀ ਛੋਟ ਦਿਖਾਈ ਗਈ।
ACCC ਦਾ ਕਹਿਣਾ ਹੈ ਕਿ ਗਾਹਕਾਂ ਨੂੰ ਇਹ ਅਹਿਸਾਸ ਦਿਵਾਇਆ ਗਿਆ ਕਿ ਉਹ ਪਹਿਲਾਂ ਨਾਲੋਂ ਘੱਟ ਪੈਸੇ ਦੇ ਰਹੇ ਹਨ, ਜਦਕਿ ਕਈ ਮਾਮਲਿਆਂ ਵਿੱਚ ਛੋਟ ਤੋਂ ਬਾਅਦ ਦੀ ਕੀਮਤ ਵੀ ਪਹਿਲਾਂ ਵਾਲੀ ਆਮ ਕੀਮਤ ਨਾਲੋਂ ਵੱਧ ਸੀ।
Woolworths ਨੇ ਇਹ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਕੀਮਤਾਂ ਵਿੱਚ ਵਾਧਾ ਸਪਲਾਇਰਾਂ ਦੇ ਖਰਚਿਆਂ ਕਾਰਨ ਹੋਇਆ ਸੀ ਅਤੇ ਦਿਖਾਈਆਂ ਗਈਆਂ ਛੋਟਾਂ ਅਸਲ ਸਨ।
ਹੁਣ ਇਹ ਮਾਮਲਾ ਸਿਰਫ਼ Woolworths ਤੱਕ ਸੀਮਿਤ ਨਹੀਂ ਰਿਹਾ। ਇਹ ਕੇਸ ਆਸਟ੍ਰੇਲੀਆ ਵਿੱਚ ਵੱਡੀਆਂ ਰਿਟੇਲ ਕੰਪਨੀਆਂ ਦੇ ‘ਫੇਕ ਡਿਸਕਾਊਂਟ’ ਮਾਡਲ ਦੀ ਵੱਡੀ ਕਸੌਟੀ ਬਣ ਗਿਆ ਹੈ। ਜੇ ACCC ਇਹ ਕੇਸ ਜਿੱਤਦੀ ਹੈ ਤਾਂ ਸੁਪਰਮਾਰਕੀਟਾਂ ਦੇ ਛੋਟ ਦੇ ਤਰੀਕਿਆਂ ’ਚ ਵੱਡਾ ਬਦਲਾਅ ਆ ਸਕਦਾ ਹੈ। ਜੇ Woolworths ਬਚ ਜਾਂਦਾ ਹੈ ਤਾਂ ਇਹ ਖਪਤਕਾਰ ਹੱਕਾਂ ਲਈ ਵੱਡਾ ਝਟਕਾ ਮੰਨਿਆ ਜਾਵੇਗਾ।
