ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਦੀ ਸਿਆਸਤ ਵਿੱਚ ਇੱਕ ਵੱਡੇ ਕਾਨੂੰਨੀ ਮਾਮਲੇ ਵਿੱਚ ਸਾਬਕਾ MP ਮਾਰਕ ਲੈਥਮ ਨੂੰ ਵੱਡਾ ਝਟਕਾ ਲੱਗਿਆ ਹੈ। NSW Civil and Administrative Tribunal ਨੇ ਮਾਰਕ ਲੈਥਮ ਨੂੰ ਸਿਡਨੀ ਤੋਂ ਆਜ਼ਾਦ MP ਐਲੈਕਸ ਗ੍ਰੀਨਵਿਚ ਖ਼ਿਲਾਫ਼ ਕੀਤੀਆਂ ਸਮਲਿੰਗੀ ਵਿਰੋਧੀ ਟਿੱਪਣੀਆਂ ਦੇ ਮਾਮਲੇ ਵਿੱਚ 1 ਲੱਖ ਆਸਟ੍ਰੇਲੀਅਨ ਡਾਲਰ ਹਰਜਾਨਾ ਭਰਨ ਦੇ ਹੁਕਮ ਦਿੱਤੇ ਹਨ।
ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਮਾਰਕ ਲੈਥਮ ਵੱਲੋਂ ਕੀਤੀਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਜਨਤਕ ਟਿੱਪਣੀਆਂ ਨੇ ਐਲੈਕਸ ਗ੍ਰੀਨਵਿਚ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਇਆ, ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਅਤੇ ਸਮਾਜ ਵਿੱਚ ਨਫ਼ਰਤ ਨੂੰ ਹੱਲਾਸ਼ੇਰੀ ਦਿੱਤੀ।

ਫ਼ੈਸਲੇ ਤਹਿਤ ਮਾਰਕ ਲੈਥਮ ਨੂੰ 24 ਘੰਟਿਆਂ ਅੰਦਰ ਆਪਣੀਆਂ ਉਹ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਹਟਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਐਲੈਕਸ ਗ੍ਰੀਨਵਿਚ ਦੀ ਲਿੰਗੀ ਪਛਾਣ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ।
ਇਹ ਮਾਮਲਾ 2023 ਵਿੱਚ ਸ਼ੁਰੂ ਹੋਇਆ ਸੀ, ਜਦੋਂ ਮਾਰਕ ਲੈਥਮ ਨੇ ਸੋਸ਼ਲ ਮੀਡੀਆ ਅਤੇ ਇੱਕ ਰੇਡੀਓ ਇੰਟਰਵਿਊ ਦੌਰਾਨ ਐਲੈਕਸ ਗ੍ਰੀਨਵਿਚ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂ ਸਨ। ਐਲੈਕਸ ਗ੍ਰੀਨਵਿਚ ਨੇ ਇਸ ਮਾਮਲੇ ਨੂੰ ਵਿਤਕਰਾ ਅਤੇ ਨਫ਼ਰਤ ਭਰਪੂਰ ਭਾਸ਼ਾ ਦਾ ਮਾਮਲਾ ਦੱਸਦੇ ਹੋਏ ਕਾਨੂੰਨੀ ਲੜਾਈ ਸ਼ੁਰੂ ਕੀਤੀ ਸੀ।
ਇਸ ਤੋਂ ਪਹਿਲਾਂ 2024 ਵਿੱਚ ਵੀ ਐਲੈਕਸ ਗ੍ਰੀਨਵਿਚ ਮਾਰਕ ਲੈਥਮ ਖ਼ਿਲਾਫ਼ ਮਾਣਹਾਨੀ ਦਾ ਕੇਸ ਜਿੱਤ ਚੁੱਕੇ ਹਨ। ਹੁਣ ਆਇਆ ਇਹ ਨਵਾਂ ਫ਼ੈਸਲਾ ਆਸਟ੍ਰੇਲੀਆ ਵਿੱਚ ਜਨਤਕ ਜੀਵਨ ਅਤੇ ਰਾਜਨੀਤੀ ਵਿੱਚ ਨਫ਼ਰਤ ਭਰੀ ਭਾਸ਼ਾ ਖ਼ਿਲਾਫ਼ ਇੱਕ ਵੱਡਾ ਸੰਦੇਸ਼ ਮੰਨਿਆ ਜਾ ਰਿਹਾ ਹੈ।
