ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਮਾਮਲੇ ਮੰਤਰੀ Tony Burke ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੰਭਾਵਿਤ ਬਦਲਾਅ ਦੀਆਂ ਖ਼ਬਰਾਂ ਵਿਚਾਲੇ ਲੇਬਰ ਪਾਰਟੀ ਦੇ MPs ਅਤੇ ਪ੍ਰਮੁੱਖ ਬਿਜ਼ਨਸ ਗਰੁੱਪਸ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਰਿਵਾਰਕ ਅਤੇ ਮਾਨਵਤਾਵਾਦੀ (humanitarian) ਵੀਜ਼ਾ ਸ਼੍ਰੇਣੀਆਂ ’ਚ ਕੋਈ ਵੀ ਕਟੌਤੀ ਨਾ ਕੀਤੀ ਜਾਵੇ।
Tony Burke ਵੱਲੋਂ National Press Club ਵਿਖੇ ਦਿੱਤਾ ਜਾਣ ਵਾਲਾ ਭਾਸ਼ਣ ਘੱਟੋ-ਘੱਟ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਸਰਕਾਰ ਦਾ ਟੀਚਾ ਪੱਕੀ ਮਾਈਗ੍ਰੇਸ਼ਨ (permanent migration) ਨੂੰ ਸਾਲਾਨਾ 1,85,000 ਤੱਕ ਸੀਮਤ ਕਰਨਾ ਹੈ, ਜਿਸ ਵਿੱਚ 1,32,000 skilled migrants ਅਤੇ 52,000 partner/family visas ਸ਼ਾਮਲ ਹਨ।
The Guardian ਦੀ ਰਿਪੋਰਟ ਅਨੁਸਾਰ, Minerals Council of Australia (MCA) ਦੀ CEO Tania Constable ਅਤੇ Australian Chamber of Commerce and Industry ਦੇ Andrew McKellar ਨੇ ਚਿੰਤਾ ਪ੍ਰਗਟਾਈ ਹੈ ਕਿ ਵੀਜ਼ਾ ਨਿਯਮਾਂ ’ਚ ਸਖ਼ਤੀ ਨਾਲ ਦੇਸ਼ ਅੰਦਰ ਕੰਮ ਕਰਨ ਵਾਲੇ ਮਾਹਰਾਂ (skilled workers) ਦੀ ਭਾਰੀ ਘਾਟ ਹੋ ਸਕਦੀ ਹੈ, ਜਿਸ ਨਾਲ ਆਰਥਿਕਤਾ ਅਤੇ ਨਿਰਮਾਣ ਖੇਤਰ ’ਤੇ ਬੁਰਾ ਅਸਰ ਪਵੇਗਾ।
ਕੁਝ Labor MPs ਨੇ ਚੇਤਾਵਨੀ ਦਿੱਤੀ ਹੈ ਕਿ One Nation ਵਰਗੀਆਂ ਪਾਰਟੀਆਂ ਦੇ ਸਿਆਸੀ ਦਬਾਅ ਹੇਠ ਆ ਕੇ ਇਮੀਗ੍ਰੇਸ਼ਨ ’ਚ ‘ਨੁਮਾਇਸ਼ੀ ਕਟੌਤੀ’ (performative reductions) ਨਹੀਂ ਕਰਨੀ ਚਾਹੀਦੀ, ਬਲਕਿ ਸੰਤੁਲਿਤ ਅਤੇ ਸਥਿਰ ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ।
Richard Marles ਨੇ ਫ਼ੈਡਰਲ ਕੈਬਿਨੇਟ ’ਚ ਮਤਭੇਦ ਦਾ ਖੰਡਨ ਕੀਤਾ

ਡਿਪਟੀ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਇਸ ਹਫ਼ਤੇ National Press Club ਵਿਖੇ ਆਪਣੇ ਭਾਸ਼ਣ ਨੂੰ ਮੁਲਤਵੀ ਕਰਨ ਦਾ ਫ਼ੈਸਲਾ Tony Burke ਦਾ ਹੀ ਸੀ। Richard Marles ਕਾਰਜਕਾਰੀ ਪ੍ਰਧਾਨ ਮੰਤਰੀ ਸਨ, ਜਦੋਂ National Press Club ਵਿਖੇ Tony Burke ਦੇ ਭਾਸ਼ਣ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ। Tony Burke ਇਮੀਗ੍ਰੇਸ਼ਨ ’ਚ ਵੱਡੀਆਂ ਕਟੌਤੀਆਂ ਦਾ ਖੁਲਾਸਾ ਕਰਨ ਵਾਲੇ ਸਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਅੰਦਰੂਨੀ ਤੌਰ ’ਤੇ ਮਤਭੇਦ ਵਾਲੇ (ਵਿਵਾਦਪੂਰਨ) ਸਨ।
ਬਦਲਾਅ ਵਿੱਚੋਂ ਕੁਝ ’ਚ ਫ਼ੈਮਿਲੀ ਵੀਜ਼ਾ ਦੇ ਸਖ਼ਤ ਨਿਯਮ, ਦੇਸ਼ ’ਚ backpackers ਦੀ ਗਿਣਤੀ ’ਤੇ ਲਿਮਟ ਅਤੇ asylum seekers ਦੇ ਕੰਮ ਕਰਨ ਅਤੇ ਅਪੀਲ ਕਰਨ ਦੇ ਅਧਿਕਾਰਾਂ ’ਤੇ ਪਾਬੰਦੀਆਂ ਸ਼ਾਮਲ ਸਨ। ਡਿਪਟੀ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਦਾ ਇਰਾਦਾ ਇਮੀਗ੍ਰੇਸ਼ਨ ਨੂੰ ਇੱਕ ‘ਸਥਿਰ ਪੱਧਰ’ ਤੱਕ ਘਟਾਉਣਾ ਹੈ।
Uber drivers ਵਰਗੇ ਪੇਸ਼ੇਵਰਾਂ ਨੂੰ ਲਿਆਉਣਾ ਸਕੈਮ ਹੈ : Pauline Hanson

ਉਧਰ, One Nation ਦੀ ਲੀਡਰ Pauline Hanson ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਸਾਲਾਨਾ ਮਾਈਗ੍ਰੇਸ਼ਨ ਨੂੰ 130,000 ’ਤੇ ਸੀਮਿਤ ਕਰੇਗੀ। Hanson ਨੇ ਕਿਹਾ ਕਿ “dog walkers, nail technicians ਅਤੇ Uber drivers” ਵਰਗੇ ਪੇਸ਼ੇਵਰਾਂ ਨੂੰ ਲਿਆਉਣਾ “absolute scam” ਹੈ। ਉਸ ਨੇ ਦਾਅਵਾ ਕੀਤਾ ਕਿ ਵਧਦੀ ਮਾਈਗ੍ਰੇਸ਼ਨ ਹਾਊਸਿੰਗ ਸੰਕਟ ਨੂੰ ਹੋਰ ਗੰਭੀਰ ਬਣਾ ਰਹੀ ਹੈ।
‘ਆਸਟ੍ਰੇਲੀਆ ਆਉਣੈ ਤਾਂ ਛੇਤੀ ਅਪਲਾਈ ਕਰੋ’
ਸਿਡਨੀ ਦੇ ਮਾਈਗੇਸ਼ਨ ਏਜੰਟ ਰਾਜਵੰਤ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ’ਚ ਪੇਰੈਂਟ ਵੀਜ਼ਾ ਲਈ onshore applications ਜਲਦੀ ਹੀ ਮੁਸ਼ਕਲ ਹੋ ਸਕਦੀਆਂ ਹਨ। ਰਾਜਵੰਤ ਸਿਘ ਨੇ ਫੇਸਬੁੱਕ ਗਰੁੱਪ ‘Indians in Sydney’ ’ਤੇ ਲਿਖਿਆ ਕਿ “Onshore Parent Visas will be gone soon! Do it now!!” ਰਿਪੋਰਟਾਂ ਮੁਤਾਬਕ, ਸਰਕਾਰ visitor visa ’ਤੇ ਰਹਿ ਰਹੇ applicants ਨੂੰ family visa ਲਈ onshore apply ਕਰਨ ਤੋਂ ਰੋਕ ਸਕਦੀ ਹੈ।
