Ozempic ਵਰਗੀਆਂ ਦਵਾਈਆਂ ਨੂੰ ਵਿਚਾਲੇ ਛੱਡਣ ਨਾਲ ਵਧ ਸਕਦੈ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ: ਨਵੀਂ ਖੋਜ

Sea7 Australia Team
2 Min Read

ਮੈੱਲਬਰਨ : ਇੱਕ ਨਵੀਂ ਅੰਤਰਰਾਸ਼ਟਰੀ ਖੋਜ ’ਚ ਸਾਹਮਣੇ ਆਇਆ ਹੈ ਕਿ ਟਾਈਪ-2 ਡਾਇਬਟੀਜ਼ ਦੇ ਜਿਹੜੇ ਮਰੀਜ਼ GLP-1 ਦਵਾਈਆਂ (ਜਿਵੇਂ Ozempic, Wegovy, Liraglutide ਅਤੇ Dulaglutide) ਲੈਣ ਤੋਂ ਬਾਅਦ ਇਨ੍ਹਾਂ ਨੂੰ ਵਿਚਾਲੇ ਛੱਡ ਦਿੰਦੇ ਹਨ, ਉਨ੍ਹਾਂ ’ਚ ਦਿਲ ਦਾ ਦੌਰਾ (ਹਾਰਟ ਅਟੈਕ), ਸਟ੍ਰੋਕ ਜਾਂ ਮੌਤ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ ਦੁੱਗਣਾ ਹੋ ਸਕਦਾ ਹੈ ਜੋ ਦਵਾਈ ਜਾਰੀ ਰੱਖਦੇ ਹਨ।

The Lancet Regional Health ਦੇ Europe ਜਰਨਲ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ 2004 ਤੋਂ 2024 ਤੱਕ ਇਟਲੀ ਦੇ 80,302 ਮਰੀਜ਼ਾਂ ‘ਤੇ ਨਜ਼ਰ ਰੱਖੀ ਗਈ। IRCCS MultiMedica ਹਸਪਤਾਲ ਦੇ ਮੁੱਖ ਖੋਜਕਰਤਾ Antonio Ceriello ਅਨੁਸਾਰ, ਦਵਾਈ ਛੱਡਣ ਵਾਲੇ ਹਰ 100 ਵਿੱਚੋਂ ਲਗਭਗ 4 ਲੋਕਾਂ ਨੂੰ ਹਾਰਟ ਅਟੈਕ, ਸਟ੍ਰੋਕ ਜਾਂ ਮੌਤ ਦਾ ਸਾਹਮਣਾ ਕਰਨਾ ਪਿਆ, ਜਦਕਿ ਦਵਾਈ ਜਾਰੀ ਰੱਖਣ ਵਾਲਿਆਂ ’ਚ ਇਹ ਗਿਣਤੀ 100 ਪਿੱਛੇ ਸਿਰਫ਼ 2 ਸੀ। ਮੋਟਾਪੇ ਤੋਂ ਪੀੜਤ ਲੋਕਾਂ ’ਚ ਇਹ ਖ਼ਤਰਾ ਹੋਰ ਵੀ ਜ਼ਿਆਦਾ ਦੇਖਿਆ ਗਿਆ। Professor Ceriello ਦਾ ਮੰਨਣਾ ਹੈ ਕਿ ਇਹ ਦਵਾਈਆਂ ਦਿਲ ਨੂੰ ਸਿੱਧੀ ਸੁਰੱਖਿਆ ਦਿੰਦੀਆਂ ਹਨ, ਜੋ ਦਵਾਈ ਬੰਦ ਕਰਨ ‘ਤੇ ਖ਼ਤਮ ਹੋ ਜਾਂਦੀ ਹੈ।

ਦੂਜੇ ਪਾਸੇ, ਆਸਟ੍ਰੇਲੀਆਈ ਸਿਹਤ ਮਾਹਿਰਾਂ ਨੇ ਇਸ ਖੋਜ ਦੇ ਨਤੀਜਿਆਂ ਨੂੰ ਸਾਵਧਾਨੀ ਨਾਲ ਸਮਝਣ ਦੀ ਸਲਾਹ ਦਿੱਤੀ ਹੈ। University of Sydney ਦੀ Clara Chow ਨੇ ਕਿਹਾ ਕਿ ਅਧਿਐਨ ’ਚ ਲਗਭਗ 60 ਫੀਸਦੀ ਲੋਕਾਂ ਨੇ ਦਵਾਈ ਛੱਡੀ, ਪਰ ਇਸ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਗਿਆ। ਹੋ ਸਕਦਾ ਹੈ ਕਿ ਉਹ ਮਰੀਜ਼ ਪਹਿਲਾਂ ਹੀ ਕਿਸੇ ਹੋਰ ਗੰਭੀਰ ਬਿਮਾਰੀ ਜਾਂ ਦਵਾਈ ਦੇ ਸਾਈਡ-ਇਫੈਕਟਸ ਤੋਂ ਪੀੜਤ ਹੋਣ। Royal North Shore Hospital ਦੇ Brendon Neuen ਅਤੇ The Heart Foundation ਦੀ Natalie Raffoul ਨੇ ਵੀ ਸਹਿਮਤੀ ਜਤਾਈ ਕਿ ਇਸ ਵਿਸ਼ੇ ‘ਤੇ ਹੋਰ ਡੂੰਘੀ ਖੋਜ ਦੀ ਲੋੜ ਹੈ।

ਮਾਹਿਰਾਂ ਦੀ ਸਲਾਹ ਹੈ ਕਿ ਸ਼ੂਗਰ ਵਰਗੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਲਈ ਲਗਾਤਾਰ ਇਲਾਜ ਜ਼ਰੂਰੀ ਹੈ ਅਤੇ ਮਰੀਜ਼ਾਂ ਨੂੰ ਬਿਨਾਂ ਡਾਕਟਰੀ ਸਲਾਹ ਦੇ ਇਹ ਦਵਾਈਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ।

TAGGED:
Share This Article
Leave a Comment

Leave a Reply

Your email address will not be published. Required fields are marked *