- ਗਾਵਾਂ ਦੇ ਗਲਾਂ ’ਚ GPS-ਅਧਾਰਿਤ ਕਾਲਰ ਪਾਏ ਗਏ ਹਨ, ਜੋ ਇੱਕ ਖਾਸ ‘cow-gorithm’ ਤਕਨੀਕ ਨਾਲ ਕੰਮ ਕਰਦੇ ਹਨ। ਇਹ ਕਾਲਰ ਆਵਾਜ਼ ਅਤੇ ਵਾਈਬ੍ਰੇਸ਼ਨ ਰਾਹੀਂ ਗਾਵਾਂ ਨੂੰ ਰਸਤਾ ਦਿਖਾਉਂਦੇ ਹਨ
ਮੈੱਲਬਰਨ : ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦੇ ਖੇਤਰ ’ਚ ਆਧੁਨਿਕ ਤਕਨੀਕ ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ। ਆਸਟ੍ਰੇਲੀਆ ਦੇ Tasmania ਦੇ ਉੱਤਰ-ਪੱਛਮੀ ਤੱਟ ‘ਤੇ ਸਥਿਤ ਇੱਕ ਡੇਅਰੀ ਫਾਰਮ ਦੇਸ਼ ਦਾ ਪਹਿਲਾ ਅਜਿਹਾ ਫਾਰਮ ਬਣ ਗਿਆ ਹੈ, ਜਿੱਥੇ ਗਾਵਾਂ ਨੂੰ ਚਾਰਨ ਤੋਂ ਲੈ ਕੇ ਦੁੱਧ ਚੋਣ ਤੱਕ ਦਾ ਸਾਰਾ ਕੰਮ Artificial Intelligence (AI) ਅਤੇ ਰੋਬੋਟਸ ਰਾਹੀਂ ਕੀਤਾ ਜਾ ਰਿਹਾ ਹੈ।
ABC News ਦੀ ਇੱਕ ਰਿਪੋਰਟ ਅਨੁਸਾਰ ਡੇਅਰੀ ਫਾਰਮਰ Simon Badcock ਅਤੇ ਉਨ੍ਹਾਂ ਦੀ ਪਤਨੀ Sonia Badcock ਪਿਛਲੇ ਦੋ ਸਾਲਾਂ ਤੋਂ ਵਰਚੁਅਲ ਫੈਂਸਿੰਗ ਕਾਲਰ (Halter collars) ਅਤੇ ਰੋਬੋਟਿਕ ਮਿਲਕਿੰਗ ਮਸ਼ੀਨਾਂ ਦੀ ਇਕੱਠਿਆਂ ਵਰਤੋਂ ਕਰ ਰਹੇ ਹਨ। Simon Badcock ਆਪਣੇ ਫ਼ੋਨ ‘ਤੇ ਇੱਕ ਐਪ ਰਾਹੀਂ ਅਦਿੱਖ ਵਾੜ (virtual fences) ਤੈਅ ਕਰਦੇ ਹਨ, ਜੋ ਗਾਵਾਂ ਨੂੰ ਆਪਣੇ ਆਪ ਡੇਅਰੀ ਸ਼ੈੱਡ ਤੱਕ ਲੈ ਜਾਂਦੀ ਹੈ।
ਇਨ੍ਹਾਂ ਗਾਵਾਂ ਦੇ ਗਲਾਂ ’ਚ GPS-ਅਧਾਰਿਤ ਕਾਲਰ ਪਾਏ ਗਏ ਹਨ, ਜੋ ਇੱਕ ਖਾਸ ‘cow-gorithm’ ਤਕਨੀਕ ਨਾਲ ਕੰਮ ਕਰਦੇ ਹਨ। ਇਹ ਕਾਲਰ ਆਵਾਜ਼ ਅਤੇ ਵਾਈਬ੍ਰੇਸ਼ਨ ਰਾਹੀਂ ਗਾਵਾਂ ਨੂੰ ਰਸਤਾ ਦਿਖਾਉਂਦੇ ਹਨ, ਅਤੇ ਲੋੜ ਪੈਣ ‘ਤੇ ਹਲਕਾ ਇਲੈਕਟ੍ਰਿਕ ਸਿਗਨਲ ਵੀ ਦਿੰਦੇ ਹਨ। ਸ਼ੈੱਡ ’ਚ ਪਹੁੰਚਣ ‘ਤੇ, ਰੋਬੋਟ ਗਾਵਾਂ ਦੇ ਕੰਨਾਂ ‘ਤੇ ਲੱਗੇ ਟੈਗ (ear tag) ਨੂੰ ਸਕੈਨ ਕਰਕੇ ਉਹਨਾਂ ਦੀ ਪਛਾਣ ਕਰਦਾ ਹੈ ਅਤੇ ਆਪਣੇ ਆਪ ਦੁੱਧ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹੈ। ਦੁੱਧ ਚੋਣ ਵੇਲੇ ਗਾਵਾਂ ਨੂੰ ਦਾਣਾ ਮਿਲਦਾ ਹੈ ਅਤੇ ਬਾਹਰ ਨਿਕਲਣ ‘ਤੇ ਤਾਜ਼ਾ ਘਾਹ।
ਇਸ ਤਕਨੀਕ ਕਾਰਨ Badcock ਜੋੜੇ ਨੂੰ ਹੁਣ ਫਾਰਮ ‘ਤੇ ਹਰ ਵੇਲੇ ਮੌਜੂਦ ਰਹਿਣ ਦੀ ਲੋੜ ਨਹੀਂ ਪੈਂਦੀ ਅਤੇ ਉਹਨਾਂ ਨੂੰ ਆਪਣੇ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ। Tasmanian Institute of Agriculture ਦੀ ਖੋਜਕਰਤਾ Dr Megan Verdon ਅਨੁਸਾਰ, ਇਹ ਤਕਨੀਕ ਕਿਸਾਨਾਂ ਦੇ 12 ਘੰਟਿਆਂ ਤੋਂ ਵੱਧ ਦੇ ਕੰਮ ਦੇ ਬੋਝ ਨੂੰ ਘਟਾਉਣ ’ਚ ਬੇਹੱਦ ਮਦਦਗਾਰ ਹੈ, ਹਾਲਾਂਕਿ ਪਸ਼ੂਆਂ ਦੇ ਸੁਭਾਅ ‘ਤੇ ਇਸ ਦੇ ਪ੍ਰਭਾਵਾਂ ਬਾਰੇ ਹੋਰ ਖੋਜ ਦੀ ਲੋੜ ਹੈ। ਫਿਲਹਾਲ, ਇਹ ਕਾਲਰ Western Australia ਨੂੰ ਛੱਡ ਕੇ ਬਾਕੀ ਸਾਰੇ ਸਟੇਟਾਂ ’ਚ ਮਨਜ਼ੂਰ ਹਨ।
