ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਲਈ ਗਾਰੰਟੀ ਸਕੀਮ ਨਾਲ ਜੁੜਿਆ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਨਵੇਂ ਅੰਕੜਿਆਂ ਅਨੁਸਾਰ, ਇਸ ਸਕੀਮ ਰਾਹੀਂ ਖਰੀਦੀਆਂ ਗਈਆਂ 1,485 ਪ੍ਰਾਪਰਟੀਜ਼ ਨੂੰ ਘਰ ਮਾਲਕਾਂ ਵੱਲੋਂ Investment Properties ’ਚ ਤਬਦੀਲ ਕਰ ਦਿੱਤਾ ਗਿਆ ਹੈ ਯਾਨੀਕਿ ਰੈਂਟ ’ਤੇ ਚਾੜ੍ਹ ਦਿੱਤਾ ਗਿਆ ਹੈ। Housing Australia ਵੱਲੋਂ ਜਾਰੀ ਇਹ ਅੰਕੜੇ Senate Estimates ਦੌਰਾਨ ਸਾਹਮਣੇ ਆਏ। ਇਹ ਸਕੀਮ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ 5% ਡਿਪਾਜ਼ਿਟ ਨਾਲ ਘਰ ਖਰੀਦਣ ਦੀ ਸਹੂਲਤ ਦਿੰਦੀ ਹੈ, ਜਿਸ ਵਿੱਚ Lenders Mortgage Insurance (LMI) ਵੀ ਮੁਆਫ਼ ਹੁੰਦੀ ਹੈ।
ਆਮਦਨ ਦੀ ਸੀਮਾ ਹਟੀ, ਅਮੀਰਾਂ ਦੀ ਲਾਟਰੀ ਨਿਕਲੀ
ਅਕਤੂਬਰ 2025 ਵਿੱਚ Albanese Government ਵੱਲੋਂ ਆਮਦਨ ਦੀ ਸੀਮਾ (Income Caps) ਹਟਾਉਣ ਤੋਂ ਬਾਅਦ ਉੱਚ ਆਮਦਨ ਵਾਲੇ ਲੋਕਾਂ ਨੇ ਵੀ ਇਸ ਦਾ ਵੱਡਾ ਲਾਭ ਲਿਆ ਹੈ। ਅੰਕੜਿਆਂ ਮੁਤਾਬਕ 155 ਇਕੱਲੇ ਬਿਨੈਕਾਰ ਅਜਿਹੇ ਸਨ ਜਿਨ੍ਹਾਂ ਦੀ ਸਾਲਾਨਾ ਕਮਾਈ 300,000 ਡਾਲਰ ਤੋਂ ਵੱਧ ਸੀ, ਜਦਕਿ ਇੱਕ ਜੋੜੇ ਦੀ ਸਾਲਾਨਾ ਆਮਦਨ ਤਾਂ 674,000 ਡਾਲਰ ਸੀ।
ਗ੍ਰੀਨਜ਼ ਪਾਰਟੀ ਦੀ ਬੁਲਾਰਾ Barbara Pocock ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਕੀਮ ਘੱਟ ਆਮਦਨ ਵਾਲੇ ਲੋਕਾਂ ਦੀ ਮਦਦ ਲਈ ਸੀ, ਨਾ ਕਿ ਅਮੀਰਾਂ ਅਤੇ ਪ੍ਰਾਪਰਟੀ ਇਨਵੈਸਟਰਾਂ ਲਈ। ਦੂਜੇ ਪਾਸੇ, ਟਰੈਜ਼ਰਰ Jim Chalmers ਨੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਵੱਡੀਆਂ ਕਮਾਈਆਂ ਵਾਲੇ ਲੋਕਾਂ ਲਈ ਵੀ ਅੱਜ ਦੇ ਮਾਰਕੀਟ ਵਿੱਚ ਘਰ ਖਰੀਦਣਾ ਔਖਾ ਹੋ ਰਿਹਾ ਸੀ।
